ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

Image may contain: 9 people, people standing and wedding

ਅੰਮਿ੍ਤਸਰ, 9 ਅਕਤੂਬਰ (ਜਸਵੰਤ ਸਿੰਘ ਜੱਸ)-ਮੂਲ ਨਾਨਕਸ਼ਾਹੀ ਕੈਲੰਡਰ ਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਹੋਰ ਧਾਰਮਿਕ ਦਿਨ ਤਿਉਹਾਰਾਂ ਨੂੰ ਲੈ ਕੇ ਅਜੇ ਵੀ ਸੰਗਤਾਂ ਵਿਚ ਦੁਬਿਧਾ ਬਰਕਰਾਰ ਹੈ | ਗੁਰੂ ਨਗਰੀ ਨਗਰੀ ਦੇ ਬਾਨੀ ਤੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਪ੍ਰਕਾਸ਼ ਪੁਰਬ ਮੌਕੇ ਅਕਾਲ ਪੁਰਖ ਕੀ ਫ਼ੌਜ ਤੇ ਪੰਥਕ ਤਾਲਮੇਲ ਸੰਗਠਨ ਸਿੱਖ ਸੰਸਥਾਵਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਹਿਤ ਮਨਾਉਂਦਿਆਂ ਗੁ: ਰੂਪ ਨਗਰ ਭਗਤਾਂਵਾਲਾ ਇਲਾਕੇ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਸਵੇਰੇ ਵਿਸ਼ਾਲ ਪ੍ਰਭਾਤ ਫੇਰੀ ਸਜਾਈ ਗਈ | ਇਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਸਾਲ ਇਹ ਪਾਵਨ ਪੁਰਬ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ 7 ਅਕਤੂਬਰ ਨੂੰ ਮਨਾਇਆ ਗਿਆ ਸੀ, ਜਦਕਿ ਕਈ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਇਹ ਦਿਹਾੜਾ 9 ਅਕਤੂਬਰ ਨੂੰ ਹੀ ਮਨਾਇਆ ਗਿਆ ਸੀ | ਇਸ ਵਾਰ ਸ਼ੋ੍ਰਮਣੀ ਕਮੇਟੀ ਵਲੋਂ ਇਹ ਪ੍ਰਕਾਸ਼ ਪੁਰਬ 26 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਜਦਕਿ ਪਾਕਿਸਤਾਨ ਸਮੇਤ ਦੇਸ਼ ਵਿਦੇਸ਼ ਦੀਆਂ ਕਈ ਸਿੱਖ ਸੰਸਥਾਵਾਂ ਵਲੋਂ ਇਹ ਪ੍ਰਕਾਸ਼ ਪੁਰਬ ਅੱਜ ਹੀ ਮਨਾਇਆ ਗਿਆ ਹੈ | ਇਸੇ ਦੌਰਾਨ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਾਮੀਆਂ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਪ੍ਰਭਾਤ ਫੇਰੀ ਕੇਸਰੀ ਸ੍ਰੀ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਗੁ: ਰੂਪ ਨਗਰ ਤੋਂ ਅਰੰਭ ਹੋ ਕੇ ਗੇਟ ਭਗਤਾਂ ਵਾਲਾ, ਕੱਲੂ ਦਾ ਅਖਾੜਾ, ਲੂਣ ਮੰਡੀ, ਕਟੜਾ ਕਰਮ ਸਿੰਘ, ਦਾਲ ਮੰਡੀ, ਛੱਤੀ ਖੂਹੀ ਚੌਕ, ਆਟਾ ਮੰਡੀ ਤੇ ਘੰਟਾ ਘਰ ਪਲਾਜ਼ਾ ਆਦਿ ਇਲਾਕਿਆਂ ਤੋਂ ਹੁੰਦੀ ਹੋਈ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਖੇ ਪੁੱਜ ਕੇ ਅਰਦਾਸ ਕੀਤੇ ਜਾਣ ਬਾਅਦ ਸਮਾਪਤ ਹੋਈ | ਇਸ ਪ੍ਰਭਾਤ ਫੇਰੀ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਇਲਾਵਾ ਸਕੂਲੀ ਬੱਚੇ, ਬੈਂਡ ਪਾਰਟੀ, ਗਤਕਾ ਪਾਰਟੀ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਕੀਰਤਨੀ ਜਥੇ ਸ਼ਬਦ ਗਾਇਣ ਕਰਦੇ ਸ਼ਾਮਿਲ ਹੋਏ | ਇਸ ਮੌਕੇ ਸਾਬਕਾ ਜਥੇ. ਗਿਆਨੀ ਕੇਵਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਸਾਰੇ ਗੁਰਪੁਰਬ ਮਨਾਉਣ ਚਾਹੀਦੇ ਹਨ | ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ‘ਤੇ ਪਹਿਰਾ ਦੇਣਾ ਧਾਰਮਿਕ ਆਗੂਆਂ ਅਤੇ ਪ੍ਰਚਾਰਕਾਂ ਦਾ ਕੰਮ ਸੀ, ਪਰ ਧਾਰਮਿਕ ਆਗੂ ਸਿਆਸੀ ਪ੍ਰਭਾਵ ਹੇਠ ਤੇ ਮਜ਼ਬੂਰੀ ਵੱਸ ਚੁੱਪ ਬੈਠੇ ਹਨ | ਇਸ ਨਗਰ ਕੀਰਤਨ ਵਿਚ ਕੁਲਜੀਤ ਸਿੰਘ ਸਿੰਘ ਬ੍ਰਦਰਜ, ਅਮਰਜੀਤ ਸਿੰਘ ਭਾਟੀਆ ਸਾਬਕਾ ਕੌਾਸਲਰ, ਡਾ: ਤਜਿੰਦਰ ਸਿੰਘ ਕਾਲੇ, ਗੁਰਮੀਤ ਸਿੰਘ ਬੌਬੀ, ਹਰਪ੍ਰੀਤ ਸਿੰਘ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ, ਬਰਿੰਦਰਪਾਲ ਸਿੰਘ, ਭੁਪਿੰਦਰ ਸਿੰਘ ਅਤੇ ਅਕਾਲ ਪੁਰਖ ਕੀ ਫੌਜ ਨਾਲ ਸਬੰਧਤ ਹੋਰ ਨੌਜਵਾਨ ਮੈਂਬਰ ਤੇ ਸ਼ਹਿਰ ਦੀਆਂ ਸੰਗਤਾਂ ਸ਼ਾਮਿਲ ਸਨ |

 

ਉਤਾਰਾ ਧੰਨਵਾਦ ਸਹਿਤ ਅਜੀਤ ਅਖਬਾਰ..

Leave a Reply