ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ……………

ਗੁਰੂ ਰਾਮਦਾਸ ਸਾਹਿਬ ਜੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਲਾਹੌਰ (ਪਾਕਿਸਤਾਨ) ਸ਼ਹਿਰ ਦੇ ਬਾਜ਼ਾਰ ਚੂਨਾ ਮੰਡੀ ਵਿਖੇ 9 ਅਕਤੂਬਰ ਸੰਨ 1534 ਨੂੰ ਹੋਇਆ। ਆਪ ਦੇ ਪਿਤਾ ਬਾਬਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਸਨ। ਆਪ, ਕਿਉਂ ਕਿ ਮਾਤਾ ਪਿਤਾ ਦੇ ਘਰ ਪਹਿਲੇ ਜੰਮੇ ਪੁੱਤਰ ਸਨ, ਇਸ ਲਈ ਪਲੇਠੀ ਦਾ ਪੁੱਤਰ ਹੋਣ ਕਰਕੇ ਸਭ ਆਪ ਨੂੰ ਜੇਠਾ ਕਰਕੇ ਸੱਦਣ ਲੱਗੇ, ਜਿਸ ਤੋਂ ਆਪ ਜੀ ਦਾ ਨਾਮ ਹੀ ਜੇਠਾ ਜੀ ਪ੍ਰਸਿੱਧ ਹੋ ਗਿਆ। ਆਪ ਅਜੇ ਬਹੁਤ ਹੀ ਛੋਟੀ ਉਮਰ ਦੇ ਸਨ ਕਿ ਆਪ ਜੀ ਦੀ ਮਾਤਾ ਜੀ ਚਲਾਣਾ ਕਰ ਗਏ। ਸਤ ਸਾਲ ਦੇ ਹੋਏ ਤਾਂ ਪਿਤਾ ਹਰਦਾਸ ਜੀ ਵੀ ਚੜ੍ਹਾਈ ਕਰ ਗਏ। ਆਪ ਦੇ ਨਾਨਕੇ, ਪਿੰਡ ਬਾਸਰਕੇ (ਜ਼ਿਲਾ ਅੰਮ੍ਰਿਤਸਰ) ਵਿਚ ਰਹਿੰਦੇ ਸਨ। ਆਪ ਦੀ ਨਾਨੀ ਆਪ ਨੂੰ ਪਿੰਡ ਬਾਸਰਕੇ ਲੈ ਆਈ। ਬਾਸਰਕੇ (ਗੁਰੂ) ਅਮਰਦਾਸ ਜੀ ਵੀ ਆਪ ਨੂੰ ਮਿਲੇ ਅਤੇ ਧੀਰਜ ਤੇ ਹੌਂਸਲਾ ਦਿੱਤਾ। ਬਾਸਰਕੇ ਆ ਕੇ ਆਪ ਨੇ ਛੋਟੀ ਉਮਰੇ ਘੁੰਗਣੀਆਂ ਵੇਚਣੀਆਂ ਆਰੰਭ ਕੀਤੀਆਂ। ਪੰਜ ਸਾਲ ਨਾਨੀ ਜੀ ਕੋਲ ਹੀ ਟਿਕੇ ਰਹੇ। ਸੰਨ 1546 ਵਿਚ (ਗੁਰੂ) ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨਾਲ ਗੋਇੰਦਵਾਲ ਵਸਾਇਆ ਤਾਂ ਆਪਣੇ ਕਈ ਅੰਗਾਂ-ਸਾਕਾਂ ਨੂੰ ਗੋਇੰਦਵਾਲ ਨਾਲ ਲੈ ਆਏ। ਜੇਠਾ ਜੀ ਵੀ ਆਪਣੀ ਨਾਨੀ ਸਮੇਤ ਗੋਇੰਦਵਾਲ ਆ ਵਸੇ।

ਉਸ ਸਮੇਂ ਆਪ ਦੀ ਉਮਰ 12 ਸਾਲ ਦੀ ਸੀ। ਗੋਇੰਦਵਾਲ ਆ ਕੇ ਘੁੰਗਣੀਆਂ ਵੇਚਣ ਦਾ ਕੰਮ ਜਾਰੀ ਰਿਹਾ ਅਤੇ ਉਚੇਚਾ ਸਮਾਂ ਕੱਢ ਕੇ ਗੁਰੂ ਸੰਗਤ ਦੀ ਸੇਵਾ ਕਰਦੇ ਰਹੇ। (ਗੁਰੂ) ਅਮਰਦਾਸ ਜੀ ਨਾਲ ਨੇੜਤਾ ਵਧਦੀ ਗਈ। ਸੰਨ 1552 ਵਿਚ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਮਿਲੀ। ਸੰਨ 1553 ਵਿਚ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਜੇਠਾ ਜੀ ਨਾਲ ਕਰ ਦਿਤਾ। ਉਸ ਸਮੇਂ ਆਪ ਜੀ ਦੀ ਉਮਰ 19 ਸਾਲ ਦੀ ਸੀ। ਬੀਬੀ ਭਾਨੀ ਜੀ ਦੀ ਕੁਖੋਂ, ਬਾਬਾ ਪ੍ਰਿਥੀਚੰਦ, ਬਾਬਾ ਮਹਾਂਦੇਵ ਤੇ (ਗੁਰੂ) ਅਰਜਨ ਸਾਹਿਬ ਜੀ ਨੇ ਜਨਮ ਲਿਆ। ਜਦੋਂ ਗੁਰੂ ਅਮਰਦਾਸ ਜੀ ਵਿਰੱੁਧ ਅਕਬਰ ਬਾਦਸ਼ਾਹ ਕੋਲ ਲਾਹੌਰ ਵਿਖੇ 1557 ਈ: ਵਿਚ ਕਾਜ਼ੀਆਂ, ਮੌਲਵੀਆਂ, ਬ੍ਰਾਹਮਣਾਂ ਨੇ ਸ਼ਿਕਾਇਤਾਂ ਕੀਤੀਆਂ ਤਾਂ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ (ਗੁਰੂ) ਰਾਮਦਾਸ ਜੀ ਲਾਹੌਰ ਗਏ ਤੇ ਅਕਬਰ ਬਾਦਸ਼ਾਹ ਨੂੰ ਸਿੱਖ ਧਰਮ ਦੇ ਆਦਰਸ਼ ਐਸੇ ਮਿੱਠੇ ਤੇ ਸੁਚੱਜੇ ਤਰੀਕੇ ਨਾਲ ਪੇਸ਼ ਕੀਤੇ ਕਿ ਉਸ ਦੀ ਪੂਰੀ ਤਸੱਲੀ ਹੋ ਗਈ ਅਤੇ ਉਹ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਇਆ। ਆਪ, ਗੁਰੂ ਅਮਰਦਾਸ ਜੀ ਦੇ ਭਾਵੇਂ ਰਿਸ਼ਤੇ ਵਜੋਂ ਜਵਾਈ ਲਗਦੇ ਸਨ ਪਰੰਤੂ ਸਭ ਦੁਨਿਆਵੀ ਰਿਸ਼ਤੇ ਭੁਲਾ ਕੇ, ਗੁਰੂ ਦੇ ਸਿੱਖ ਹੋ ਕੇ ਸੇਵਾ ਕਰਦੇ ਰਹੇ। ਜਦੋਂ ਗੋਇੰਦਵਾਲ ਬਾਉਲੀ ਦੀ ਸੇਵਾ ਹੋਈ ਤਾਂ ਆਪ ਨੇ ਬਾਕੀ ਸਿੱਖਾਂ ਵਾਂਗ ਟੋਕਰੀ ਢੋਣ, ਗਾਰੇ, ਮਿੱਟੀ, ਚੂਨੇ, ਦੀ ਸੇਵਾ ਦਾ ਕੰਮ ਕੀਤਾ। ਬਾਬਾ (ਗੁਰੂ) ਰਾਮਦਾਸ ਜੀ ਨੇ ਸੇਵਾ ਕਰ ਕਰਕੇ ਗੁਰੂ ਅਮਰਦਾਸ ਜੀ ਦਾ ਮਨ ਰਿੱਝਾ ਲਿਆ। ਸਿੱਖੀ ਆਸ਼ੇ ਨੂੰ ਪੂਰੀ ਤਰ੍ਹਾਂ ਸਮਝ ਲਿਆ ਤੇ ਆਪਣਾ ਜੀਵਨ ਸਿੱਖੀ ਦੇ ਸਾਂਚੇ ਵਿਚ ਢਾਲ ਲਿਆ। ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਨੂੰ ਵਧਦਾ ਵੇਖ ਕੇ ਫੈਸਲਾ ਕੀਤਾ ਕਿ ਨਵਾਂ ਧਰਮ ਪ੍ਰਚਾਰ ਦਾ ਕੇਂਦਰ ਗੋਇੰਦਵਾਲ ਤੋਂ ਬਦਲਿਆ ਜਾਵੇ। ਮਾਝੇ (ਰਾਵੀ-ਬਿਆਸ ਦਰਿਆਵਾਂ ਵਿਚਕਾਰਲਾ ਇਲਾਕਾ) ਵਿਚ ਥਾਂ ਪਸੰਦ ਕਰਕੇ (ਜਿਸ ਥਾਂ ਹੁਣ ਅੰਮ੍ਰਿਤਸਰ ਹੈ) ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਨੂੰ ਗੁਰੂ ਕਾ ਚੱਕ ਵਸਾਉਣ ਦਾ ਕੰਮ ਸੌਂਪਿਆ। ਆਪ ਨੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸੰਨ 1570 ਵਿਚ ਨਗਰ ਦੀ ਨੀਂਹ ਰੱਖੀ। ਨਵਾਂ ਧਰਮ ਪ੍ਰਚਾਰ ਕੇਂਦਰ ਤੇ ਸ਼ਹਿਰ ਸਥਾਪਿਤ ਕਰਨ ਲਈ ਉਤਪੰਨ ਹੋਈ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਪਹਿਲਾਂ ਸੰਤੋਖਸਰ ਸਰੋਵਰ ਦੀ ਖੁਦਾਈ ਆਰੰਭੀ ਅਤੇ ਹੋਰ ਸਰੋਵਰ ਵੀ ਸਥਾਪਤ ਕੀਤੇ ਗਏ। ਗੁਰੂ ਅਰਜਨ ਸਾਹਿਬ ਜੀ ਨੇ ਬਾਅਦ ਵਿਚ ਪਿੰਡ ਦਾ ਨਾਮ ‘ਚੱਕ ਰਾਮਦਾਸ’ ਜਾਂ ‘ਰਾਮਦਾਸ ਪੁਰ” ਰੱਖ ਦਿੱਤਾ। 1588 ਵਿਚ ਜਦ ਅੰਮ੍ਰਿਤਸਰ ਸਰੋਵਰ ਤਿਆਰ ਹੋ ਗਿਆ ਤਾਂ ਇਸ ਸ਼ਹਿਰ ਦਾ ਨਾਮ ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤਸਰ ਰੱਖ ਦਿੱਤਾ।

ਗੁਰੂ ਅਮਰਦਾਸ ਜੀ ਨੇ 16 ਸਤੰਬਰ 1574 ਵਿਚ ਸਾਰੀ ਸੰਗਤ ਤੇ ਆਪਣੇ ਸਾਰੇ ਪਰਿਵਾਰ ਦੇ ਸਾਹਮਣੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੇ ਦਿਤੀ ਅਤੇ ਗੁਰੁ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ ਤੇ ਆਪਣੀ ਗੁਰਬਾਣੀ ਤੇ ਭਗਤਾਂ ਦੀ ਬਾਣੀ ਦੀ ਪੋਥੀ (ਗੁਰੂ) ਰਾਮਦਾਸ ਜੀ ਨੂੰ ਬਖਸ਼ਿਸ਼ ਕਰ ਦਿਤੀ। ਜਦੋਂ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਅੱਗੇ ਮੱਥਾ ਟੇਕਿਆ ਤਾਂ ਆਪ ਵੈਰਾਗ ਵਿਚ ਬੋਲ ਉਠੇ, ਪਾਤਸ਼ਾਹ! ਤੁਸੀਂ ਆਪ ਜਾਣਦੇ ਹੋ ਮੈਂ ਲਾਹੌਰ ਦੀਆਂ ਗਲੀਆਂ ਵਿਚ ਕੱਖਾਂ ਵਾਂਗ ਰੁਲਣ ਵਾਲਾ ਸੀ। ਮੇਰੀ ਯਤੀਮ ਦੀ ਬਾਂਹ ਫੜਨ ਲਈ ਕੋਈ ਤਿਆਰ ਨਹੀਂ ਸੀ। ਪਾਤਸ਼ਾਹ! ਇਹ ਤੁਹਾਡੀ ਹੀ ਮਿਹਰ ਹੈ ਕਿ ਤੂੰ ਮੇਰੇ ਵਰਗੇ ਕੀੜੇ ਨੂੰ ਪਿਆਰ ਨਾਲ ਤੱਕਿਆ ਤੇ ਮੈਨੂੰ ਯਤੀਮ ਨੂੰ ਅੱਜ ਅਰਸ਼ਾਂ ਤੇ ਪਹੁੰਚਾ ਦਿੱਤਾ ਹੈ” ਗੁਰੂ ਰਾਮਦਾਸ ਜੀ ਨੇ ਗੁਰੂ ਬਣਨ ਪਿਛੋਂ, ਮਾਝੇ ਵਿਚ, ਸਿੱਖੀ ਦੇ ਪਰਚਾਰ ਤੇ ਜ਼ੋਰ ਦਿਤਾ। 22 ਮੰਜੀਆਂ ਤੋਂ ਇਲਾਵਾ ਮਸੰਦ* (*ਮਸਨਦ-ਗੱਦੀ ਨਾਲ ਸਬੰਧ ਰੱਖਣ ਵਾਲਾ) ਪ੍ਰਥਾ ਕਾਇਮ ਕੀਤੀ। ਉਚੇ ਸੁੱਚੇ ਗੁਰਸਿੱਖ ਆਪਣੀ ਕਿਰਤ-ਕਾਰ ਕਰਦੇ, ਮਸੰਦਾਂ ਦੀ ਸੇਵਾ ਨਿਭਾਉਣ ਲਗੇ, ਕਾਰ-ਭੇਟ ਪਹੁੰਚਾਉਣਾ ਤੇ ਸਿੱਖੀ ਦਾ ਪ੍ਰਚਾਰ ਕਰਨਾ, ਮਸੰਦਾਂ ਦਾ ਕੰਮ ਸੀ। ਗੁਰੂ ਕੇ ਚੱਕ ਵਿਖੇ ਆਪ ਨੇ ਵਸੋਂ ਕਰਾਉਣੀ ਆਰੰਭੀ। ਇਸ ਲਈ ਆਪ ਨੇ ਥਾਂ-ਥਾਂ ਤੋਂ ਵੱਖ-ਵੱਖ ਕੰਮਾਂ ਕਿੱਤਿਆਂ ਵਾਲੇ ਬੰਦੇ ਮੰਗਵਾ ਕੇ ਇੱਥੇ ਵਸਾਏ। ਹਰ ਤਰ੍ਹਾਂ ਦਾ ਕਾਰ ਵਿਹਾਰ ਗੁਰੂ ਕੇ ਚੱਕ ਵਿਖੇ ਹੋਣ ਲੱਗਾ। ਸੰਨ 1577 ਵਿਚ ਆਪ ਨੇ ਸਰੋਵਰ (ਅੰਮ੍ਰਿਤਸਰ) ਖੁਦਵਾਇਆ। ਜਿਸ ਨੂੰ ਮਗਰੋਂ ਗੁਰੂ ਅਰਜਨ ਸਾਹਿਬ ਜੀ ਨੇ ਸੰਪੂਰਨ ਕੀਤਾ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀ ਬਾਣੀ ਤੇ ਭਗਤਾਂ ਦੀ ਬਾਣੀ ਆਪ ਜੀ ਪਾਸ ਮੌਜੂਦ ਸੀ। ਆਪ ਜੀ ਨੇ ਬਾਣੀ ਉਚਾਰੀ ਅਤੇ ਉਸ ਨੂੰ ਲਿਖ ਕੇ ਸੰਭਾਲਦੇ ਰਹੇ। ਗੁਰੂ ਨਾਨਕ ਸਾਹਿਬ ਦੁਆਰਾ ਵਰਤੇ 19 ਰਾਗਾਂ ਤੋਂ ਇਲਾਵਾ 11 ਹੋਰ ਨਵੇਂ ਰਾਗਾਂ ਵਿਚ ਭੀ ਬਾਣੀ ਉਚਾਰੀ। ਇਉਂ ਸੰਗੀਤ ਅਤੇ ਲੈਅ ਦੇ ਪੱਖੋਂ ਗੁਰੂ ਸਾਹਿਬ ਨੇ ਸਿੱਖੀ ਦੇ ਕੌਮੀ ਸਭਿਆਚਾਰ ਤੇ ਵੱਡੀ ਬਖਸ਼ਿਸ਼ ਕੀਤੀ।

ਗੁਰੂ ਰਾਮਦਾਸ ਜੀ ਦੇ ਤਿੰਨ ਸਾਹਿਬਜ਼ਾਦੇ ਸਨ। ਸਭ ਤੋਂ ਵੱਡਾ ਪੁੱਤਰ ਬਾਬਾ ਪ੍ਰਿਥੀਚੰਦ, ਕੰਮ-ਕਾਜ, ਆਮਦਨ ਖਰਚ, ਆਏ ਗਏ ਦੀ ਸੰਭਾਲ ਵਾਲਾ, ਚੁਸਤ ਤੇ ਕਾਰ ਵਿਹਾਰ ਵਿਚ ਬੜਾ ਯੋਗ ਸੀ, ਪਰ ਆਤਮਕ ਗੁਣਾਂ ਤੋਂ ਸੱਖਣਾ ਸੀ। ਦੂਸਰੇ ਪੱੁਤਰ ਬਾਬਾ ਮਹਾਂਦੇਵ ਜੀ, ਮਸਤ ਸਾਧੂ ਸੁਭਾ ਦੇ ਉਪਰਾਮ ਰਹਿਣ ਵਾਲੇ ਸਨ ਅਤੇ ਬਹੁਤੇ ਸੰਸਾਰੀ ਕੰਮਕਾਰ ਵਿਚ ਰੁਚੀ ਨਹੀਂ ਸਨ ਰੱਖਦੇ। ਤੀਸਰੇ ਪੁਤਰ (ਗੁਰੂ) ਅਰਜਨ ਸਾਹਿਬ ਜੀ ਵਿਚ ਗੁਰਸਿੱਖੀ ਵਾਲੇ ਸਾਰੇ ਗੁਣ ਸਨ। ਉਹ ਹਰ ਤਰ੍ਹਾਂ ਨਾਲ ਲਾਇਕ ਸਨ। ਗੁਰੂ ਰਾਮਦਾਸ ਜੀ ਨੇ 16 ਸਤੰਬਰ ਸੰਨ 1581 ਨੂੰ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਨਾਲ ਸਿੱਖ ਕੌਮ ਦੀ ਅਗਵਾਈ ਗੋਇੰਦਵਾਲ ਸਾਹਿਬ ਵਿਖੇ ਬਖਸ਼ੀ। ਪਹਿਲੇ ਪਾਤਸ਼ਾਹੀਆਂ ਅਤੇ ਭਗਤਾਂ ਸਮੇਤ ਆਪਣੀ ਬਾਣੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਨੂੰ ਸੌਂਪ ਦਿਤੀ। ਆਪ 16 ਸਤੰਬਰ ਸੰਨ 1581 ਨੂੰ ਜੋਤੀ ਜੋਤ ਸਮਾ ਗਏ।

Leave a Reply

Your email address will not be published. Required fields are marked *