ਪੰਥਕ ਅਸੈਂਬਲੀ ਵੱਖ ਵੱਖ ਪੰਥਕ ਧਿਰਾਂ ਨੂੰ ਜੋੜ੍ਹਨ ਲਈ ਅੱਛੀ ਸ਼ੁਰੂਆਤ……

ਪੰਥਕ ਅਸੈਂਬਲੀ ਦਾ ਪਹਿਲਾ ਦੋ ਦਿਨ੍ਹਾਂ ਸੈਸ਼ਨ ਵਿਚਾਰ ਵਟਾਂਦਰੇ ਦੀ ਪਿਰਤ ਨੂੰ ਮੁੜ੍ਹ ਸੁਰਜੀਤ ਕਰਦੇ ਹੋਏ ਸਮਾਪਤ ਹੋ ਗਿਆ ।

ਜਿਸ ਹਾਲਾਤ ਵਿੱਚ ਪੰਥਕ ਅਸੈਂਬਲੀ ਦਾ ਗੱਠਨ ਕੀਤਾ ਗਿਆ, ਤੇ ਦੋ ਦਿਨ ਸੈਸ਼ਨ ਚਲਿਆ, ਉਸ ਹਾਲਾਤ ਦੇ ਹਿਸਾਬ ਨਾਲ ਹੀ ਇਸ ਦੇ ਮਹਤੱਵ ਨੂੰ ਦੇਖਿਆ ਜਾਣਾ ਚਾਹੀਦਾ ਹੈ ।

ਅੱਜ ਕੌਮ ਦੇ ਹਾਲਾਤ, ਜੋ ਕਿ ਵੱਖ ਵੱਖ ਵਿਚਾਰਾਂ ਵਾਲੀਆਂ ਦੋ ਚਾਰ ਜੱਥੇਬੰਦੀਆਂ, ਜਾਂ ਦੋ ਚਾਰ ਵਿਅਕਤੀਆਂ ਦੇ ਵੀ ਕੱਠੇ ਬੈਠ ਕੇ ਗੱਲ ਕਰ ਸਕਣ ਦੇ ਨਹੀਂ ਰਹੇ ।
ਅੱਜ ਜਦੋਂ ਸਿੱਖਾਂ ਦੇ ਹੀ ਦੋ ਵੱਖ ਵੱਖ ਧੜ੍ਹੇ ਇੱਕ ਦੂਜੇ ਨੂੰ ‘ਸਿੱਖ’ ਮੰਨਣ ਤੋਂ ਹੀ ਇਨਕਾਰੀ ਹੋ ਜਾਂਦੇ ਹਨ ।
ਅੱਜ ਜਦੋਂ ਹਰ ਕੁੱਝ ਦਿਨ ਬਾਦ ਕਿਤੋਂ ਨਾ ਕਿਤੋਂ ਸਿੰਘਾਂ ਦੇ ਦੋ ਧੜਿਆਂ ਵਿੱਚ ਗਾਲੀ ਗਲੋਚ, ਹੱਥੋ ਪਾਈ, ਤੇ ਦਸਤਾਰਾਂ ਲਾਹੁਣ ਦੀਆਂ ਖਬਰਾਂ ਆਂਦੀਆਂ ਹਨ ।

ਇਸ ਮਾਹੋਲ ਵਿੱਚ ੧੧੭ ਸਿੱਖ/ਸਿੰਘ, ਜਿਨ੍ਹਾਂ ਦਾ ਸਬੰਧ ਸ਼ਾਇਦ ਵੀਹ ਪੱਚੀ ਜਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਵੱਖ ਵੱਖ ਜੱਥੇਬੰਦੀਆਂ ਨਾਲ ਸੀ, ਜੋ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਭਾਰਤੀ ਸੂਬਿਆਂ, ਤੇ ਕਈ ਆਜ਼ਾਦ ਦੇਸ਼ਾਂ ਤੋਂ ਵੀ ਸਨ, ਤੇ ਵਿਚਾਰਾਂ ਵਿੱਚ ਵੀ ਕਾਫੀ ਫਰਕ ਰੱਖਦੇ ਸਨ, ਦੋ ਦਿਨ ਇੱਕ ਹਾਲ ਵਿੱਚ ਬੈਠ ਕੇ ਪੰਥਕ ਮੁਦਿਆਂ ਤੇ ਵਿਚਾਰ ਕਰ ਕੇ, ਆਮ ਸਹਿਮਤੀ ਨਾਲ ਮੱਤੇ ਪਾਸ ਕਰ ਕੇ, ਇੱਕ ਨਵੀਂ ਉਮੀਦ ਨਾਲ ਉਠ ਕੇ ਚਲੇ ਗਏ, ਇਸ ਨੂੰ ਵੀ ਛੋਟੀ ਗੱਲ ਨਹੀਂ ਸਮਝਿਆ ਜਾ ਸਕਦਾ ।

ਇਸ ਪੰਥਕ ਅਸੈਂਬਲੀ ਦੇ ਕਿਸੇ ਫੈਸਲੇ ਨਾਲ ਕਿਸੇ ਨੂੰ ਅਸਹਿਮਤੀ ਹੋ ਸਕਦੀ ਹੈ, ਕਿਸੇ ਮੈਂਬਰ ਨਾਲ ਮੱਤਭੇਦ ਹੋ ਸਕਦੇ ਹਨ, ਕੋਈ ਮੈਂਬਰ ਪਸੰਦ/ਨਾਪਸੰਦ ਹੋ ਸਕਦਾ ਹੈ, ਪਰ ਇਸ ਦੇ ਫੈਸਲੇ ਆਮ ਸਿੱਖਾਂ ਦੀਆਂ ਭਾਵਨਾਵਾਂ ਦੇ ਐਨ ਮੁਤਾਬਕ ਹਨ । ਬਾਦਲ ਪਰਿਵਾਰ ਦੇ ਸਿਆਸੀ ਬਾਈਕਾਟ ਦਾ ਫੈਸਲਾ ਅੱਜ ਸਿੱਖ ਭਾਵਨਾਵਾਂ ਲਈ ਸਿਰਮੌਰ ਹੈ ।
ਇਹ ਬਿਖਰਾਓ ਦਾ ਸ਼ਿਕਾਰ ਪੰਥਕ ਧਿਰਾਂ ਨੂੰ ਮੁੜ੍ਹ ਜੋੜ੍ਹਨ ਲਈ ਇੱਕ ਚੰਗੀ ਸ਼ੁਰੂਆਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ ।
ਪੰਥਕ ਅਸੈਂਬਲੀ ਦੇ ਸੈਸ਼ਨ ਦਾ ਵਿਰੋਧ ਉਹਨਾਂ ਹੀ ਦੋ ਤਿੰਨ ਹਲਕਿਆਂ ਵੱਲੋਂ ਹੋ ਰਿਹਾ ਹੈ, ਜਿਨ੍ਹਾਂ ਦੇ ਆਪੋ ਆਪਣੇ ਕਾਰਨ ਹਨ, ਤੇ ਇਸ ਦੀ ਉਮੀਦ ਪਹਿਲਾਂ ਤੋਂ ਹੀ ਕੀਤੀ ਜਾ ਸਕਦੀ ਸੀ ।
ਕੁੱਝ ਹਲਕਿਆਂ ਨੇ ਇਸ ਪੰਥਕ ਅਸੈਂਬਲੀ ਨੂੰ ‘ਬਰਗਾੜੀ ਮੋਰਚੇ’ ਨਾਲ ਵਿਰੋਧ ਵਿੱਚ ਖੜ੍ਹਾ ਕਰ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ । ਇਸ ਖਦਸ਼ੇ ਦਾ ਜਵਾਬ ਪੰਥਕ ਅਸੈਂਬਲੀ ਨੇ ਬਰਗਾੜੀ ਮੋਰਚੇ ਦੀਆਂ ਮੰਗਾਂ ਦੇ ਹੱਕ ਵਿੱਚ ਮੱਤਾ ਪਾਸ ਕਰ ਕੇ ਦੇ ਦਿੱਤਾ ਹੈ ।

ਕੌਮ ਦੇ ਇੱਕ ਵੱਡੇ ਹਿੱਸੇ ਨੇ, ਜੋ ਪੰਥ ਨੂੰ ਇਕਮੁੱਠ ਦੇਖਣ ਦੀ ਇੱਛਾ ਰੱਖਦੇ ਹਨ, ਇਸ ਪੰਥਕ ਅਸੈਂਬਲੀ ਤੋਂ ਵੱਡੀਆਂ ਉਮੀਦਾਂ ਵੀ ਲਾ ਲਈਆਂ ਹਨ, ਪਰ ਇਹਨਾਂ ਦਾ ਪੂਰਾ ਹੋਣਾ ਪੰਥਕ ਅਸੈਂਬਲੀ ਦੇ ਅਗਲੇ ਫੈਸਲਿਆਂ ਤੇ ਨਿਰਭਰ ਕਰੇਗਾ ।
ਤੁਸੀਂ ਮੇਰੇ ਨਾਲ ਅਸਹਿਮਤ ਹੋ ਸਕਦੇ ਹੋ, ਅਸਹਿਮਤੀ, ਵਿਚਾਰਾਂ ਦਾ ਫਰਕ ਹੁੰਦੀ ਹੈ, ਦੁਸ਼ਮਣੀ ਨਹੀਂ ਹੁੰਦੀ ।
ਇਹੀ ਵਿਚਾਰ ਇਸ ਅਸੈਂਬਲੀ ਦੀ ਰੂਹ ਸੀ ।

ਗਜਿੰਦਰ ਸਿੰਘ, ਦਲ ਖਾਲਸਾ ।
੨੩.੧੦.੨੦੧੮

Leave a Reply

Your email address will not be published. Required fields are marked *