ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ…

ਧੰਨ ਧੰਨ ਗੁਰੂ ਰਾਮਦਾਸ ਜੀ….

ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਦੀ ਭਾਵਨਾ ਲੈ ਭਾਈ ਜੇਠਾ ਜੀ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕੋਲ ਹਾਜ਼ਰ ਹੋਏ,ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਅਤੇ ਦਇਆ ਦ੍ਰਿਸ਼ਟੀ ਸਦਕਾ ਭਾਈ ਜੇਠਾ ਜੀ ਕਿਰਤ ਕਰਨ,ਸੰਗਤ ਕਰਨ ਅਤੇ ਸੇਵਾ ਕਰਨ ਵਿੱਚ ਨਿਪੁੰਨ ਹੋ ਗਏ। ਇਹ ਸਾਰੇ ਕੰਮ ਕਰਦਿਆਂ ਗੁਰਬਾਣੀ ਸੰਥਿਆ ਗੁਰਬਾਣੀ, ਗੁਰਬਾਣੀ ਵਿਚਾਰ ਅਤੇ ਗੁਰਬਾਣੀ ਦਾ ਗੂੜ ਗਿਆਨ ਇਕੱਠਾ ਕਰਨ ਲਈ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਗੁਰਬਾਣੀ ਪੜ੍ਹਨ ਅਤੇ ਵਿਚਾਰਨ ਵਿੱਚ ਗੁਜ਼ਾਰਦੇ ।

ਜੋ ਆਨੰਦ ਅੰਮ੍ਰਿਤ ਰਸ ਗੁਰਬਾਣੀ ਵਿੱਚੋਂ ਮਿਲਦਾ ਉਸ ਨਾਲ ਆਪਣੀ ਸੁਰਤ ਨੂੰ ਹੌਸਲਾ ਦਿੰਦੇ ਅਤੇ ਅਕਾਲ ਪੁਰਖ ਨਾਲ ਪ੍ਰੇਮ ਬਣਾਉਂਦੇ। ਆਪ ਅੰਮ੍ਰਿਤ ਰਸ ਮਾਣਦੇ ਅਤੇ ਹੋਰਨਾਂ ਨੂੰ ਸੁੱਖਾਂ ਦੇ ਖਜ਼ਾਨੇ ਅੰਮ੍ਰਿਤ ਰਸ ਗੁਰਬਾਣੀ ਤੋਂ ਵਾਕਿਫ਼ ਕਰਾਉਂਦੇ। ਇਸ ਲਈ ਗੁਰੂ ਬਣ ਗੁਰਗੱਦੀ ਤੇ ਵਿਰਾਜਮਾਨ ਹੋ ਆਪਣੀ ਰਸਨਾ ਤੋਂ ਉਚਾਰਦੇ “ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ” ।

ਗੁਰੂ ਅਗਿਆਨ ਵਿਨਾਸ਼ਕ ਅਤੇ ਗਿਆਨ ਪ੍ਰਕਾਸ਼ਕ ਹੈ। ਜੋ ਅੰਮ੍ਰਿਤ ਰਸ ਗੁਰਬਾਣੀ ਤੋਂ ਵਿਚਾਰਿਆ ਉਹੀ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ। ਲਾਹੌਰ ਦੇ ਡੱਬੀ ਬਾਜ਼ਾਰ ਚੂਨਾ ਮੰਡੀ ਵਿੱਚ ਜਨਮ ਹੋਇਆ। ਜਨਮ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸੱਤ ਸਾਲ ਦੇ ਹੋਏ ਤਾਂ ਪਿਤਾ ਜੀ ਵੀ ਚੜ੍ਹਾਈ ਕਰ ਗਏ।
ਭਾਈ ਜੇਠਾ ਜੀ ਯਤੀਮ ਹੋ ਗਲ਼ੀਆਂ ਚ ਵਿਚਰਨ ਲੱਗੇ ਲੋਕਾਂ ਨੇ ਯਤੀਮ ਕਹਿ ਬਲਾਉਣਾ ਸ਼ੁਰੂ ਕਰ ਦਿੱਤਾ। ਕੌਣ ਜਾਣਦਾ ਸੀ ਜੋ ਅੱਜ ਲਾਹੌਰ ਦੀਆਂ ਗਲੀਆਂ ਵਿੱਚ ਯਤੀਮ ਬਣ ਘੁੰਮਦਾ ਹੈ ਕਦੀ ਲਾਹੌਰ ਦਾ ਬਾਦਸ਼ਾਹ ਵੀ ਉਸ ਅੱਗੇ ਸਿਰ ਝੁਕਾਏਗਾ??

ਪਿੰਡ ਬਾਸਰਕੇ ਦੇ ਰਹਿਣ ਵਾਲ਼ੇ ਨਾਨੀ ਜੀ ਮਿਲਣ ਆਏ ਭਾਈ ਜੇਠਾ ਜੀ ਨੂੰ ਆਪਣੇ ਨਾਲ ਲੈ ਆਏ ਤੇ ਬਾਸਰਕੇ ਆਕੇ ਭਾਈ ਜੇਠਾ ਕਿਰਤ ਨਾਲ ਜੁੜ ਗਏ।
ਬਾਸਰਕੇ ਦੇ ਵਸਨੀਕ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨਾਲ ਗੋਇੰਦਵਾਲ ਨਗਰ ਵਸਾਉਣ ਲੱਗੇ ਤਾਂ ਪਿੰਡ ਬਾਸਰਕੇ ਦੇ ਕਾਫੀ ਲੋਕ ਗੁਰੂ ਅਮਰਦਾਸ ਜੀ ਨਾਲ ਗੋਇੰਦਵਾਲ ਸਾਹਿਬ ਆ ਵਸੇ,ਜਿਨਾਂ ਵਿਚ ਨਾਨੀ ਦੋਹਤਾ ਵੀ ਸ਼ਾਮਿਲ ਸਨ।

ਇੱਥੋਂ ਹੀ ਭਾਈ ਜੇਠਾ ਜੀ ਨੂੰ ਨਵਾਂ ਮੁਕਾਮ ਮਿਲਿਆ ਗੁਰੁ ਸੰਗਤ ਨੇ ਅਸਰ ਪਾੲਿਆ ਦੇ ਵਿਦਵਾਨ ਹੋਣ ਦੇ ਨਾਲ-ਨਾਲ ਚੰਗੇ ਵਿਚਾਰਵਾਨ ਅਤੇ ਦ੍ਰਿਬ ਦ੍ਰਿਸ਼ਟੀ ਦੇ ਮਾਲਕ ਬਣ ਗਏ।

ਉਨ੍ਹਾਂ ਦਿਨਾਂ ਵਿੱਚ ਗੁਰੂ ਨਾਨਕ ਦੇ ਚਲਾਏ ਨਿਰਮਲ ਪੰਥ ਦੀ ਚੜ੍ਹਦੀਕਲਾ ਦੇਖ ਕਾਜ਼ੀ, ਮੁਲਾਣੇ, ਬਿਪਰ,ਚੌਧਰੀ,ਦਰਬਾਰੀ, ਯੋਗੀ, ਤਪੱਸਵੀ, ਸਖੀ ਸਰਵਰੀਏ ਸਭ ਗੁਰੂ ਘਰ ਵਿਰੁੱਧ ਕੂੜ ਪ੍ਰਚਾਰ ਕਰਨ ਲੱਗ ਗਏ।
ਇਸ ਦਾ ਅਸਰ ਇਹ ਹੋਇਆ ਕਿ ਬੀਰਬਲ ਜੋ ਕਿ ਕੱਟੜ ਬਿਪਰਵਾਦੀ ਸੋਚ ਦਾ ਮਾਲਕ ਸੀ ਗੁਰੂ ਘਰ ਦੇ ਵਿਰੁਧ ਸੀ। ਗੁਰੂ ਘਰ ਵਿਰੁੱਧ ਸ਼ਿਕਾਇਤਾਂ ਲਗਾਤਾਰ ਅਕਬਰ ਦੇ ਦਰਬਾਰ ਵਿੱਚ ਪਹੁੰਚਾਉਣ ਲੱਗਾ ਅਤੇ ਆਪਣਾ ਧਾਰਮਿਕ ਪੱਖ ਰੱਖਣ ਦਾ ਹੁਕਮ ਜਾਰੀ ਕਰਵਾਉਣ ਵਿਚ ਸਫਲ ਹੋ ਗਿਆ।

ਗੁਰੂ ਅਮਰਦਾਸ ਪਾਤਸ਼ਾਹ ਵੱਲੋਂ ਅਕਬਰ ਦੇ ਦਰਬਾਰ ਵਿੱਚ ਵਿਚਾਰ ਚਰਚਾ ਕਰਨ ਅਤੇ ਮਾਨਵਵਾਦੀ ਹੱਕਾਂ ਦੇ ਪਹਿਰੇਦਾਰ ਸਿੱਖ ਧਰਮ ਦੀ ਪੇਸ਼ੀਨਗੋਈ ਕਰਨ ਲਈ ਸਭ ਤੋਂ ਲਾਇਕ ਹੋਣਹਾਰ ਅਤੇ ਸੁਚਜੇ ਬਹਾਦਰ ਸੂਰਮੇ ਭਾਈ ਜੇਠਾ ਜੀ ਦੀ ਜ਼ਿੰਮੇਵਾਰੀ ਲਗਾਈ ਗਈ।
ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਭਾਈ ਜੇਠਾ ਜੀ ਨੇ ਇਸ ਸੇਵਾ ਨੂੰ ਬਾਖੂਬੀ ਨਿਭਾਇਆ ।

ਅਕਬਰ ਦੇ ਦਰਬਾਰ ਵਿਚ ਭਾਈ ਜੇਠਾ ਜੀ ਨੇ ਸ਼ੇਰ ਦੀ ਗਰਜ ਵਾਂਗ ਗਰਜ਼ ਦੇ ਸੱਚ ਸਿਧਾਂਤ ਦ੍ਰਿੜ ਕਰਵਾਇਆ।
ਸੁਲਤਾਨੀਏ, ਬਿਪਰਾਂ, ਜੋਗੀਆਂ, ਸਰਵਰੀਆਂ ਨੂੰ ਤਾੜਨਾ ਕੀਤੀ ਕਿ ਆਪਣੀ ਪੂਜਾ ਛੱਡ ਨਿਰੰਕਾਰ ਦੀ ਪੂਜਾ ਕਰੋ ਜਿਸ ਨੇ ਸਾਰਾ ਸੰਸਾਰ ਬਣਾਇਆ ਹੈ।

ਕਰਮਕਾਂਡ, ਪਾਖੰਡ ਛੱਡ ਇਕ ਪਰਮਾਤਮਾ ਦੇ ਗੁਣ ਗਾਉਣ ਦਾ ਸੰਕਲਪ ਚੇਤੇ ਕਰਵਾਇਆ ।

ਧਰਮ ਦੇ ਨਾਮ ਤੇ ਲੋਕਾਂ ਨੂੰ ਲੁੱਟਣਾ, ਗੁੰਮਰਾਹ ਕਰਨਾ, ਸ਼ੋਸ਼ਣ ਕਰਨਾ ਛੱਡ ਅਸਲ ਧਰਮ ਜਿਸ ਵਿੱਚ ਇਨਸਾਨੀਅਤ ਦਾ ਸਤਿਕਾਰ ਹੋਵੇ, ਆਪਸ ਚ ਪਿਆਰ ਹੋਵੇ,ਆਪਸੀ ਸਾਂਝ ਹੋਵੇ ਅਜਿਹਾ ਧਰਮ ਅਪਨਾਉਣਾ ਚਾਹੀਦਾ ਹੈ ਦਾ ਹੋਕਾ ਦਿਤਾ।

ਸਾਰੀ ਕਾਇਨਾਤ ਰੱਬ ਜੀ ਦੀ ਬਣਾਈ ਹੈ ਮਾਲਕ ਪ੍ਰਭੂ ਪਰਮਾਤਮਾ ਸਾਰਿਆਂ ਵਿਚ ਵਸਿਆ ਹੈ ਫਿਰ ਆਪਸੀ ਵਿਤਕਰੇ ਕਿਉ ??

ਕੋਈ ਮੰਦਾ ਚੰਗਾ ਕਿਉਂ???

“ਅਵਲ ਅਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ” ਦਾ ਸਿਧਾਂਤ ਜ਼ਿੰਦਗੀ ਵਿੱਚ ਵਸਾਉਣ ਲਈ ਕਿਹਾ।

ਸਿਰਫ ਸੱਚੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਚਿਆਰੇ ਬਣ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੱਤਾ ।

ਅਜਿਹੀਆਂ ਦਲੀਲ ਭਰੀਆਂ ਅਤੇ ਸਿਧਾਂਤਕ ਵਿਚਾਰਾਂ ਸੁਣ ਅਕਬਰ ਬਾਦਸ਼ਾਹ ਵੀ ਆਪਣੇ ਸਿੰਘਾਸਨ ਤੋਂ ਉੱਠਿਆ ਅਤੇ ਬੋਲਿਆ ਅਸੀਂ ਸਾਰੇ ਦਰਬਾਰੀ ਅਤੇ ਇਹ ਸਾਰੇ ਸ਼ਿਕਾਇਤ ਕਰਤਾ ਤੁਹਾਡੀਆਂ ਅਤੇ ਤੁਹਾਡੇ ਮਾਨਵਵਾਦੀ ਧਰਮ ਦੀਆਂ ਵਿਚਾਰਾਂ ਦੀ ਕਦਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਅਤੇ ਮੰਨਦੇ ਹਨ ਤੁਹਾਡਾ ਸਿੱੱਖ ਧਰਮ ਮਹਾਨ ਹੈ।
ਅਸੀਂ ਇਸ ਨੂੰ ਹੋਰ ਪ੍ਰਚਾਰਨ ਦੀ ਹਦਾਇਤ ਕਰਦੇ ਹਾਂ।ਅੱਗੇ ਤੋਂ ਸਿੱਖ ਧਰਮ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਹੋਵੇਗੀ ਤਾਂ ਸਿੱਖ ਧਰਮ ਦੇ ਵਿਚਾਰਕ ਨੂੰ ਰਾਜ ਦਰਬਾਰ ਵਿੱਚ ਸ਼ਾਮਲ ਹੋਣ ਦੀ ਕੋਈ ਜ਼ਰੂਰਤ ਨਹੀਂ।ਸਗੋਂ ਬਾਦਸ਼ਾਹ ਖੁਦ ਆਪ ਚੱਲ ਕੇ ਗੁਰੂ ਦਰਬਾਰ ਵਿੱਚ ਸ਼ਾਮਲ ਹੋ ਕੇ ਸਿੱਖ ਧਰਮ ਦੀ ਤਾਮੀਲ ਹਾਸਲ ਕਰੇਗਾ।ਇਸ ਮਹਾਨ ਕਾਰਜ ਦੀ ਸ਼ੁਰੂਆਤ ਮੈਂ ਖ਼ੁਦ ਆਪਣੇ ਆਪ ਤੋਂ ਕਰਾਂਗਾ।ਮੈਂ ਆਪ ਚੱਲ ਕੇ ਗੁਰੂ ਦਰਬਾਰ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਹੋਈ ਅਵੱਗਿਆ ਤੋਂ ਕੁਤਾਹੀ ਕਰਾਂਗਾ।

ਯਾਦ ਰਹੇ ਇਸੇ ਕਰਕੇ ਅਕਬਰ ਬਾਦਸ਼ਾਹ ਆਪ ਚੱਲ ਕੇ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਨ ਪਹੁੰਚਿਆ ਅਤੇ ਗੁਰੂ ਜੀ ਨੇ ਕਈ ਸਮਾਜਿਕ ਕਾਰਜਾਂ ਜਿਵੇਂ ਸਤੀ ਪ੍ਰਥਾ ,ਘੁੰਡ ਪਰਦੇ ਦੀ ਰਸਮ ਬੰਦ ਕਰਾਉਣ ਲਈ ਅਕਬਰ ਬਾਦਸ਼ਾਹ ਦੀ ਹਿਮਾਇਤ ਪ੍ਰਾਪਤ ਕੀਤੀ।

ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਅਕਬਰ ਬਾਦਸ਼ਾਹ ਨੇ ਇੱਕ ਧਾਰਮਿਕ ਜਥੇਬੰਦੀ ਦਾ ਸੰਗਠਨ ਕੀਤਾ ਜਿਸ ਦਾ ਨਾਮ ਦੀਨ-ਏ-ਇਲਾਹੀ ਰੱੱਖਿਆ ਗਿਆ ਅਤੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਚਾਹੁੰਦੇ ਹਾਂ ਸਾਡੇ ਸਾਰੇ ਦਰਬਾਰੀ ਵੀ ਸਿੱਖ ਧਰਮ ਦੇ ਵਡਮੁੱਲੇ ਗੁਣਾਂ ਤੋਂ ਜਾਣਕਾਰ ਹੋਣ। ਇਸ ਲਈ ਤੁਸੀਂ ਸਾਨੂੰ ਕੋਈ ਅਜਿਹਾ ਵਿਦਵਾਨ ਦੇਵੋ ਜੋ ਸਾਡੇ ਰਾਜ ਦਰਬਾਰ ਵਿੱਚ ਵੀ ਸਿੱਖੀ ਸਿਧਾਂਤ ਦੀ ਗੱਲ ਦ੍ਰਿੜ੍ਹ ਕਰਵਾ ਸਕੇ।

ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਜੋ ਸਿੱਖ ਧਰਮ ਦੇ ਬਹੁਤ ਵੱਡੇ ਵਿਦਵਾਨ ਹੋਏ ਹਨ। ਜਿਨ੍ਹਾਂ ਨੇ ਬਨਾਰਸ ਦੇ ਬ੍ਰਾਹਮਣਾਂ ਨੂੰ ਵੀ ਸਿੱਖ ਧਰਮ ਅੱਗੇ ਝੁਕਣ ਲਈ ਮਜਬੂਰ ਕਰ ਦਿੱਤਾ ਸੀ ਦੀ ਸੇਵਾ ਲਗਾਈ ਕਿ ਭਾਈ ਗੁਰਦਾਸ ਜੀ ਰਾਜ ਦਰਬਾਰ ਵਿਚ ਜਾ ਕੇ ਸਿੱਖੀ ਸਿਧਾਂਤ ਦ੍ਰਿੜ ਕਰਾਉਣ।
ਆਗਰਾ ਵਿਖੇ ਇੱਕ ਲਾਲ ਕਿਲਾ ਹੈ ਜਿਸ ਵਿੱਚ ਅਜੇ ਵੀ ਭਾਈ ਗੁਰਦਾਸ ਜੀ ਦੀ ਯਾਦ ਬਣੀ ਹੋਈ ਹੈ।ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਭਾਈ ਗੁਰਦਾਸ ਆਪਣੇ ਧਰਮ ਨੂੰ ਉੱਚਾ ਚੁੱਕਣ ਲਈ ਅਕਬਰ ਬਾਦਸ਼ਾਹ ਦੇ ਦਰਬਾਰ ਤੱਕ ਵੀ ਸਿੱਖੀ ਸਿਧਾਂਤਾਂ ਨੂੰ ਦ੍ਰਿੜ੍ਹ ਕਰਵਾਉਂਦੇ ਰਹੇ।

ਪਰ ਜੇ ਗੱਲ ਕਰੀਏ ਅੱਜ ਦੇ ਵਿਚਾਰਕ ਅਤੇ ਵਿਦਵਾਨਾਂ ਦੀ ਇਨ੍ਹਾਂ ਨੇ ਦੂਜੇ ਧਰਮਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਤਾਂ ਕੀ ਕਰਨਾ ਸਗੋਂ ਆਪ ਆਪਸ ਵਿਚ ਹੀ ਉਲਝ ਕੇ ਰਹਿ ਗੲੇ। ਨਾਨਕਸ਼ਾਹੀ ਕੈਲੰਡਰ ੨੦੦੩ ਦੇ ਮੁਤਾਬਿਕ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਪੁਰਬ 9 ਅਕਤੂਬਰ ਨਾ ਮਨਾ ਕੇ rss ਦਾ ਥਾਪਿਆ ਕੈਲੰਡਰ ਮੰਨ ਕੇ ਪਤਾ ਨਹੀਂ ਕਿਹੜੇ ਰਾਹੇ ਪੈ ਗਏ ਹਨ ।

ਖ਼ੈਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮਹਾਨਤਾ ਅਤੇ ਦ੍ਰਿੜ੍ਹ ਇਰਾਦਿਆਂ ਨੂੰ ਵੇਖਦਿਆਂ ਹੋਇਆਂ ਸਾਡੇ ਮਨਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਮਾਣ ਸਤਿਕਾਰ ਅਦਬ ਭੈਅ ਭਾਵਨੀ ਗੁਰੂ ਪ੍ਰਤੀ ਸ਼ਰਧਾ ਅਤੇ ਲਗਨ ਦੇਖਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਗੁਰੂ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਭੱਟ ਕੀਰਤ ਵਾਂਗ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਨੂੰ ਵੀ ਆਪਣੇ ਚਰਨਾਂ ਵਿੱਚ ਭਾਵ ਗੁਰੂ ਉਪਦੇਸ਼ ਦ੍ਰਿੜ੍ਹ ਕਰਵਾ ਕੇ ਸੱਚ ਸਿਧਾਂਤ ਦੇ ਮਾਰਗ ਤੇ ਤੋਰਦੇ ਰਹੋ ।

ਆਓ ਸਾਰੇ ਅਰਦਾਸ ਕਰੀਏ “ਗੁਰੁ ਰਾਮਦਾਸ ਰਾਖਹੁ ਸਰਣਾਈ”।

✍?✍?✍?
ਮਲਕੀਤ ਸਿੰਘ ਰਈਆ
099889-77633

Leave a Reply

Your email address will not be published. Required fields are marked *