Spread the love

ਕਦੇ ਆਪਣੀ ਸ਼ਾਪਿੰਗ ਵਾਲੀ ਟੋਕਰੀ ਤੇ ਸੁਤੇ ਸਿੱਧ ਨਜ਼ਰ ਮਾਰ ਕੇ ਵੇਖਿਓ ਕਿੰਨੀਆਂ ਹੀ ਚੀਜਾਂ ਅਜਿਹੀਆਂ ਹਨ, ਜਿਨਾਂ ਨੂੰ ਖਰੀਦੇ ਬਿਨਾਂ ਸਰ ਸਕਦਾ ਹੈ ਪਰ ਨਹੀਂ ਕਿਉਂਕਿ ਅਸੀਂ ਆਪਣੇ ਆਲੇ ਦੁਆਲੇ ਇੱਕ ਅਜਿਹਾ ‘ਕੰਫਰਟ ਜੋਨ’ ਸਿਰਜ ਲਿਆ ਹੈ, ਜਿਸ ਵਿੱਚੋਂ ਬਾਹਰ ਜਾਣਾ ਸਾਨੂੰ ਗਵਾਰਾ ਨਹੀਂ। ਪੈਸੇ ਭਾਵੇਂ ਜਿੰਨੇ ਮਰਜੀ ਲੱਗ ਜਾਣ ਕਿੱਥੇ ਲੈ ਕੇ ਜਾਣੇ…? ਇਹ ਵੀ ਬਜ਼ਾਰ ਹੀ ਸਿਖਾਉਂਦਾ ਹੈ ਅਤੇ ਬਜ਼ਾਰ ਹਰ ਵੇਲੇ ਇਸ ਕੰਮ ਵੀ ਲੱਗਿਆ ਰਹਿੰਦਾ ਹੈ ਜਿਸ ਤਹਿਤ ਤੁਹਾਡੇ ਰਵਾਇਤੀ ਰਹਿਣ ਸਹਿਣ ਅਤੇ ਖਾਣ ਪੀਣ ਨੂੰ ਅਸਿੱਧੇ ਤਰੀਕੇ ਨਾਲ ਨਿੰਦ ਕੇ ਆਧੁਨਿਕ ਵਸਤਾਂ ਅਤੇ ਖਾਧ ਖੁਰਾਕ ਦੀ ਉਪਭੋਗਤਾ ਲਈ ਮੈਦਾਨ ਤਿਆਰ ਕੀਤਾ ਜਾ ਸਕੇ। ਸ਼ਹਿਰ ਵਿੱਚ ਰਹਿਣ ਵਾਲਾ ਭਰਾ ਚੰਗੀ ਸਿਹਤ ਲਈ ਨਾਮੀਂ ਕੰਪਨੀ ਦੇ ‘ਓਟਸ’ ਮਹਿੰਗੇ ਭਾਅ ਖਰੀਦ ਕੇ ਖਾਂਦਾ ਹੈ, ‘ਕਿਉਂਕਿ ਟਰੈਂਡ ਹੈ’ ਅਤੇ ਪਿੰਡ ਵਾਲੇ ਭਰਾ ਦੇ ਘਰ ‘ਜਵੀਂ’ ਦਾ ਡਰੰਮ ਭਰਿਆ ਪਿਆ ਹੁੰਦਾ ਜਿਸਨੂੰ ਪਾਲਤੂ ਜਾਨਵਰ ਖਾਂਦੇ….। ਇਸੇ ਤਰਾਂ ਤੁਹਾਡੀਆਂ ਜੇਬਾਂ ਹੌਲੀਆਂ ਕਰਨ ਲਈ ਹੀ ‘ਵੀਕੈਂਡ ਸੱਭਿਆਚਾਰ’ ਨੂੰ ਹੁਲਾਰਾ ਦਿੱਤਾ ਗਿਆ ਹੈ, ਕਿਉਂਕਿ ਜੇ ਵੀਕੈਂਡ ਤੇ ‘ਸ਼ਾਪਿੰਗ ਮਾਲ’ ਵਿੱਚ ਫਿਲਮ ਵੇਖਣ ਨਹੀਂ ਜਾਉਂਗੇ ਤਾਂ ਤੁਸੀਂ ਇਸ ਜ਼ਮਾਨੇ ਦੀ ਤੋਰ ਨਾਲ ਨਹੀਂ ਤੁਰ ਰਹੇ ਹੋ ? ਜਿਸਦਾ ਨਾਮਕਰਨ ਤੁਹਾਨੂੰ ਲੁਭਾਉਣ ਲਈ ‘ਕੁਆਲਿਟੀ ਟਾਈਮ’ ਵਜੋਂ ਕਰ ਦਿੱਤਾ ਗਿਆ ਹੈ। ਤੁਹਾਡੀ ਸਹੂਲਤ ਲਈ ਉਥੇ ਦਸ ਰੁਪਏ ਵਾਲੇ ਮੱਕੀ ਦੇ ਫੁੱਲੇ ‘ਕੈਰੇਮਲ ਪਾਪ ਕਾਰਨ’ ਦੇ ਨਾਂ ਹੇਠ ਤੁਹਾਨੂੰ ਡੇਢ ਤੋਂ ਦੋ ਸੌ ਰੁਪਏ ਦੇ ਪਰੋਸੇ ਜਾਂਦੇ ਹਨ। ਫੇਰ ਸ਼ਾਮ ਨੂੰ ਸ਼੍ਰੀਮਤੀ ਅਤੇ ਬੱਚਿਆਂ ਨੂੰ ਸਟਾਰਟਰ ਸਨੈਕਸ ਤੋਂ ਬਾਅਦ ਇੱਕ ਚੰਗੇ ਰੇਸਤਰਾਂ ਵਿੱਚ ਡਿਨਰ ਤੋਂ ਬਾਅਦ ਵਧੀਆ ਟੌਪਿੰਗ ਵਾਲੀ ਵਿਦੇਸ਼ੀ ਬ੍ਰਾਂਡ ਦੀ ਆਈਸਕ੍ਰੀਮ ਖੁਆ ਕੇ ਤੁਹਾਡੇ ਡੈਬਿਟ ਜਾਂ ਕ੍ਰੈਡਿਟ ਕਾਰਡ ਵਿੱਚੋਂ ਕਿੰਨਾ ਕੁ ਮਾਲ ਖਿੱਚ ਲਿਆ ਗਿਆ ਹੈ ਇਸਦਾ ਪਤਾ ਬੈਂਕ ਦੀ ਸਟੇਟਮੈਂਟ ਵੇਖ ਕੇ ਲੱਗਦਾ। ਜਦਕਿ ਘਰ ਵਿੱਚ ਬੱਚਿਆਂ ਨਾਲ ਹੱਸਦੇ ਖੇਡਦੇ ਹੋਏ ਵੀ ਰਲ ਮਿਲ ਕੇ ਖਾਣਾ ਬਣਾ ਕੇ, ਖਾ ਕੇ ਖੇਡ ਕੇ ਆਨੰਦ ਲਿਆ ਜਾ ਸਕਦਾ ਸੀ। ਫਰਕ ਸਿਰਫ਼ ਕੀ ਹੈ ਕਿ ‘ਸਟੇਟਸ’ ਅਲਾਓ ਨਹੀਂ ਕਰਦਾ।
ਇਸ ਸਟੇਟਸ ਲਈ ਵੱਡੀਆਂ ਵੱਡੀਆਂ ਕੰਪਨੀਆਂ ਕੀ ਕਰਦੀਆਂ ਹਨ ? ਆਪਣੇ ਉਤਪਾਦਾਂ ਦੀ ਬ੍ਰਾਂਡ ਵੈਲਿਊ ਵਧਾਉਂਦੀਆਂ ਹਨ, ਕਿਉਂਕਿ ਲੋਕ ਇਨਾਂ ਬਰਾਂਡਾਂ ਦੇ ਸ਼ਿਕਾਰ ਹਨ ਕਿ ‘ਉਹ ਇਨਾਂ ਨੂੰ ਵਰਤਦੇ ਹਨ ਤਾਂ ਆਪਣੇ ਆਲੇ ਦੁਆਲੇ ਵਿਚਰਦੇ ਲੋਕਾਂ ਤੋਂ ਬਿਹਤਰ ਹਨ।’ ਮੋਬਾਇਲ ਦੇ ਖੇਤਰ ਵਿੱਚ ਸੰਸਾਰ ਭਰ ਵਿੱਚ ‘ਐਪਲ’ ਦਾ ਦਬਦਬਾ ਹੈ ਜਿਸ ਦੇ ਨਵੇਂ ਮਾਡਲ ਨੂੰ ਖਰੀਦਣ ਲਈ ਕਈ ਲੋਕਾਂ ਦੇ ਗੁਰਦੇ ਤੱਕ ਵੀ ਵੇਚਣ ਦੀ ਸੂਚਨਾ ਹੈ… ਉਸਨੇ ਕੀ ਕੀਤਾ ਹੈ… ਆਮ ਵਰਤੋਂ ਲਈ ਗੈਜੇਟ ਬਣਾਏ ਹਨ ਜਿਨਾਂ ਤੇ ਪਿੱਛੇ ‘ਟੁੱਕੇ’ ਸੇਬ ਦਾ ਨਿਸ਼ਾਨ ਹੈ,ਜਿੰਨਾ ਜੋਰ ਉਨਾਂ ਨੇ ਇਸਦੀ ਤਕਨੀਕ ਵਿਕਸਤ ਕਰਨ ਤੇ ਲਾਇਆ ਹੈ ਉਸਤੋਂ ਵੱਧ ਜੋਰ ਇਸਦੀ ਬ੍ਰਾਂਡ ਵੈਲਿਊ ਵਧਾਉਣ ਤੇ ਲਾਇਆ ਗਿਆ ਹੈ ਜਦਕਿ ਤਕਨੀਕੀ ਤੌਰ ਤੇ ਇਸਨੂੰ ਸਿਰਫ਼ ਇੱਕ ਮਸ਼ੀਨ ਮੰਨਿਆ ਜਾਵੇ ਤਾਂ ਇਸਦੀ ਕੀਮਤ ਇਸਦੇ ਕੰਪਨੀ ਮੁੱਲ ਤੋਂ ਤੀਜਾ ਹਿੱਸਾ ਹੀ ਹੁੰਦੀ ਹੈ। ਸਿਰਫ਼ ਵੱਡੇ ਵੱਡੇ ਸੈਲੀਬਰਿਟੀਜ਼ ਦੇ ਹੱਥਾਂ ਵਿੱਚ ਵਿਖਾ ਕੇ ਇਸਦੀ ਬ੍ਰਾਂਡ ਵੈਲਿਊ ਇਸ ਪੱਧਰ ਤੱਕ ਪਹੁੰਚਾ ਦਿੱਤੀ ਗਈ ਹੈ ਕਿ ਮੇਰੇ ਵਰਗਾ ਹਰੇਕ ਸਧਾਰਣ ਬੰਦਾ ਵੀ ਚਾਹੁੰਦਾ ਹੈ ਕਿ ਹੱਥਾਂ ਵਿੱਚ ‘ਇਸੇ’ ਕੰਪਨੀ ਦਾ ਫੋਨ ਹੋਵੇ ਭਾਵੇਂ ਮੇਰੀ ਆਮਦਨ ਦਾ ਵੱਡਾ ਹਿੱਸਾ ਖਰਚ ਹੋ ਜਾਵੇ। ਇਸ ਨੂੰ ਅਸੀਂ ‘ਫੂਲਜ਼ ਪੈਰਾਡਾਇਜ਼’ ਕਹਿੰਦੇ ਹਾਂ ਭਰਮਵਾਦ…. ਜੋ ਤੁਹਾਡੇ ਅੰਦਰ ਭਰਿਆ ਗਿਆ ਹੈ, ਹਾਂ ਜੀ ਭਰਿਆ ਗਿਆ ਹੈ। ਕਿੱਥੋਂ….? ਤੁਹਾਡੇ ਸਮਾਜ ਚੋਂ…. ਤੁਹਾਡੀ ਲਾਈਲੱਗਤਾ ਚੋਂ…? ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ…ਇਹ ਅਖਾਣ ਤੁਸੀਂ ਇਕੱਲਿਆਂ ਨੇ ਹੀ ਨਹੀਂ ਪੜਿੵਆ… ਹਰੇਕ ਨੇ ਪੜਿੵਆ ਹੈ… ਬੱਸ ਤੁਹਾਡੇ ਤੇ ਲਾਗੂ ਕਰ ਦਿੱਤਾ ਗਿਆ ਹੈ…. ਤੁਹਾਡਾ ਗੁਆਂਢੀ ਜਾਂ ਸਹਿ ਕਰਮੀ ਤੁਹਾਡੇ ਲਈ ਇਸ ‘ਭਰਮ’ ਦਾ ਜ਼ਰੀਆ ਬਣਿਆ ਹੈ ਅਤੇ ਤੁਸੀਂ ਕਿਸੇ ਹੋਰ ਲਈ… ਇਸੇ ਤਰਾਂ ਇਹ ਚੱਕਰ ਚਲਦਾ ਰਹਿੰਦਾ ਹੈ ਅਤੇ ਇਸਦਾ ਫਾਇਦਾ ਬਜ਼ਾਰ ਖੱਟ ਜਾਂਦਾ ਹੈ ਅਤੇ ਖਾਸ ਕਰਕੇ ਇਸਦਾ ਸ਼ਿਕਾਰ ਬਣਦਾ ਹੈ ਅਖੌਤੀ ‘ਮੱਧ ਵਰਗ’। ਤੁਹਾਡੇ ਹੱਥ ਵਿੱਚ ਤੁਹਾਡੀ ਮਹੀਨਾਵਾਰ ਆਮਦਨ ਤੋਂ ਦੁੱਗਣੀ ਤਿੱਗਣੀ ਲਿਮਟ ਵਾਲਾ ਕ੍ਰੈਡਿਟ ਕਾਰਡ ਫੜਾ ਕੇ ਤੁਹਾਡੇ ਮਨ ਅੰਦਰ ਭਰਮ ਇਹ ਪਾਇਆ ਜਾਂਦਾ ਹੈ ਕਿ ‘ਤੁਸੀਂ ਅਮੀਰ ਹੋ’ ਜਦ ਕਿ ਤੁਸੀਂ ਨਹੀਂ ਹੋ। ਕਿਉਂਕਿ ਉਹ ਤੁਹਾਡੇ ਸਿਰ ਉਧਾਰ ਹੈ, ਜਿਸ ਨੂੰ ਤੁਸੀਂ ਉਠਾ ਸਕਦੇ ਹੋ ਪਰ ਤੁਸੀਂ ਮਾਰ ਉਥੇ ਖਾਂਦੇ ਹੋ ਜਦੋਂ ਤੁਸੀਂ ਇਸ ਲਿਮਟ ਨੂੰ ‘ਪਰਚੇਜ਼ਿੰਗ ਪਾਵਰ’ ਸਮਝਦੇ ਹੋ ਕੇ ਤੁਸੀਂ ਸ਼ਾਪਿੰਗ ਵਾਲੀ ਟਰਾਲੀ ਦੀ ਟੀਸੀ ਕੱਢ ਕੇ ਬਿਲਿੰਗ ਕਾਉਂਟਰ ਵਾਲੀ ਲਾਈਨ ਵਿੱਚ ਆ ਖੜਦੇ ਹੋ ਅਤੇ ‘ਗੁੱਡ ਫੀਲ’ ਕਰਦੇ ਹੋ। ਡੈਬਿਟ ਜਾਂ ਕ੍ਰੈਡਿਟ ਕਾਰਡ ਤੁਹਾਡੇ ਹੱਥ ਇਸ ਲਈ ਦਿੱਤਾ ਗਿਆ ਹੈ ਕਿ ਤੁਹਾਨੂੰ ਜੇਬ ਚੋਂ ਪੈਸੇ ਕੱਢਣ ਦਾ ਤਰੱਦਦ ਨਾ ਕਰਨਾ ਪਵੇ ਤੇ ਨਾ ਤੁਹਾਨੂੰ ਪੇਮੈਂਟ ਕਰਨ ਵੇਲੇ ਭੋਰਾ ਜਿੰਨੀ ਵੀ ਪੀੜ ਹੋਵੇ….. ਜੀ ਹਾਂ ਇਸਨੂੰ ਵਪਾਰਕ ਭਾਸ਼ਾ ‘ਹੈਜ਼ਲ ਫਰੀ ਪੇਮੈਂਟ’ ਕਹਿੰਦੇ ਹਨ ਅਤੇ ਮੈਡੀਕਲ ਦੀ ਭਾਸ਼ਾ ਵਿੱਚ ‘ਪੇਨ ਲੈਸ ਟੀਕਾ’ ਕਹਿੰਦੇ ਹਨ ਅਤੇ ਇਹ ਵੀ ਕੁਝ ਅਜਿਹਾ ਹੀ ਵਰਤਾਰਾ ਹੈ। ‘ਆਨਲਾਈਨ ਸ਼ਾਪਿੰਗ ਨੇ ਵੀ ਇਸ ਵਿੱਚ ਆਪਣਾ ਤਕੜਾ ਯੋਗਦਾਨ ਪਾਇਆ ਹੈ ਕਿਉਂਕਿ ਇਸ ਨੇ ਸ਼ਾਪਿੰਗ ਨੂੰ ਸਟੋਰਾਂ ਦੇ ਰੈਕਾਂ ਤੋਂ ਲੋਕਾਂ ਦੇ ਹੱਥਾਂ ਵਿੱੱਚਲੇ ਮੋਬਾਇਲ ਵਿੱਚ ਲੈ ਆਂਦਾ ਹੈ, ਸਿੱਟੇ ਵਜੋਂ ਲੋਕ ਬਿਨਾਂ ਲੋੜ ਤੋਂ ਸਿਰਫ਼ ਭਲ਼ ਪੂਰੀ ਕਰਨ ਲਈ ਹੀ ਫੋਨ ਤੇ ਆਨਲਾਈਨ ਸ਼ਾਪਿੰਗ ਐਪਲੀਕੇਸ਼ਨਾਂ ਦੀ ਸਰਫਿੰਗ ਕਰਦੇ ਰਹਿੰਦੇ ਹਨ ਸਿੱਟੇ ਵਜੋਂ ਮਹੀਨੇ ਦੀ ਵੀਹ ਤਰੀਕ ਤੱਕ ਬੈਂਕ ਖਾਤਾ ‘ਠਣ ਠਣ ਗੋਪਾਲ’ ਹੋ ਜਾਂਦਾ ਹੈ।
ਇਸ ਵਿਸ਼ੇ ਤੇ ਮੈਂ ਅਜਿਹੀਆਂ ਬਹੁਤ ਉਦਾਹਰਣਾਂ ਦੇ ਸਕਦਾ ਹਾਂ ਪਰ ਪੋਸਟ ਕਈ ਮੀਟਰਾਂ ਦਾ ਹੋ ਜਾਣਾ ਪਰ ਮੇਰਾ ਇਹ ਸਤਰਾਂ ਲਿਖਣ ਦਾ ਮਕਸਦ ਏਨੇਂ ਕੁ ਨਾਲ ਵੀ ਹੱਲ ਹੋ ਸਕਦਾ। ਮੁੱਕਦੀ ਗੱਲ ਇਹ ਹੈ ਕਿ ਜਰੂਰੀ ਨਹੀਂ ਕਿ ਅੱਜ ‘ਕਾਰਪੋਰੇਟਾਂ’ ਦਾ ਕਿਸਾਨ ਹੀ ਵਿਰੋਧ ਕਰਨ, ਸਾਰੇ ਲੋਕਾਂ ਨੂੰ ਹੀ ਕਰਨਾ ਚਾਹੀਦਾ ਹੈ….। ਕਿਉਂਕਿ ਤੁਹਾਨੂੰ ਵੀ ਵਰਤਿਆ ਜਾ ਰਿਹਾ ਹੈ। ਜਰੂਰੀ ਨਹੀਂ ਕਿ ਇਸ ਲਈ ਤੁਸੀਂ ਧਰਨੇ ਤੇ ਹੀ ਬੈਠਣਾ ਹੈ। ਇਸ ਲਈ ਤੁਸੀਂ ਇਨਾਂ ਵੱਡੇ ਵੱਡੇ ਮਾਲਾਂ ਦਾ, ਬਰਾਂਡਾਂ ਦਾ, ਗੈਰ ਜਰੂਰੀ ਬ੍ਰਾਂਡਡ ਵਸਤਾਂ, ਦਾ ਬਾਈਕਾਟ ਕਰ ਸਕਦੇ ਹੋ । ਜਿਹੜੇ ਅਦਾਰੇ ਅਸਿੱਧੇ ਤੌਰ ਤੇ ਇਨਾਂ ਆਰਡੀਨੈਂਸਾਂ ਦੀ ਆੜ ਹੇਠ ਆਪਣੇ ਮੁਨਾਫੇ ਦੁੱਗਣੇ ਤਿੱਗਣੇ ਕਰਨ ਦੀ ਝਾਕ ਵਿੱਚ ਹਨ ਉਨਾਂ ਦੇ ਉਤਪਾਦਾਂ ਦੀ ਵਰਤੋਂ ਬੰਦ ਕਰਕੇ ਤੁਸੀਂ ਇਸ ਲਹਿਰ ਵਿੱਚ ਯੋਗਦਾਨ ਪਾ ਸਕਦੇ ਹੋ। ਇਸ ਨਾਲ ਲਹਿਰ ਨੂੰ ਬਲ ਵੀ ਮਿਲੇਗਾ ਅਤੇ ਤੁਹਾਡੀ ਜੇਬ ਵੀ ਕਾਫ਼ੀ ਹੱਦ ਤੱਕ ਖਾਲੀ ਹੋਣੋਂ ਬਚੀ ਰਹੇਗੀ…..

ਰੱਬ ਰਾਖਾ,
ਭੁਪਿੰਦਰ ਸਿੰਘ ਬਰਗਾੜੀ

By admin

Leave a Reply

Translate »