Spread the love

ਪੰਥ ਦੀ ਆਨ ਤੇ ਸ਼ਾਨ ਬਦਲੇ

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਛਪਾਈ ਵਾਲੇ ਅਸਥਾਨ’ ਤੇ ਨੁਕਸਾਨੇ ਜਾਣਾ ਅਤੇ ਹਿਸਾਬ ਖਾਤੇ ਵਿਚ ਨਾ ਹੋਣ ਦਾ ਮਾਮਲਾ ਗਰਮਾਇਆ ਹੋਇਆ ਹੈ। ਹਰ ਨਾਨਕ ਨਾਮ ਲੇਵਾ ਨੂੰ ਡੂੰਘੀ ਪੀੜਾ ਹੋਣੀ ਸੁ ਭਾਵਕ ਹੈ।
ਬਾਦਲ ਦਲ ਦੀਆਂ ਕੁਤਾਹੀਆਂ ਅਤੇ ਵਧੀਕੀਆਂ ਦਾ ਵਿਰੋਧ ਵੀ ਕੁਦਰਤੀ ਹੈ ਤੇ ਹੁੰਦਾ ਆ ਰਿਹਾ ਹੈ। ਮੁਆਫ ਕਰਨਾ ਵਿਰੋਧੀ ਵੀ ਕਦੇ ਸੱਤਾ ਵਿਚ ਆਉਣ ਤਾਂ ਅਹਿਸਾਸ ਹੋ ਜਾਂਦਾ ਹੈ ਕਿ ਸੱਤਾ ਦਾ ਨਸ਼ਾ ਸਭ ਨੂੰ ਚੜ੍ਹਦਾ ਹੈ। ਵਿਰਲੇ ਸਿੱਖ ਸੇਵਕ ਹੀ ਅਸਲ ਮਾਰਗ ਨੂੰ ਪੁੱਗਦੇ ਹਨ। ਉਹਨਾਂ ਨੂੰ ਪ੍ਰਣਾਮ ਪ੍ਰਣਾਮ।
ਇਕ ਪੱਖ ਤੋੰ ਤਾਂ ਇੰਝ ਵੀ ਲੱਗਦਾ ਹੈ ਕਿ ਪਾਵਨ ਸਰੂਪਾਂ ਵਾਲੇ ਘਟਨਾਕ੍ਰਮ ਵੇਲੇ ਦੀ ਅੰਤ੍ਰਿਗ ਕਮੇਟੀ ਨੇ ਕੌਮ ਨੂੰ ਸ਼ਰਮਿੰਦਗੀ ਤੋੰ ਬਚਾਉਣ ਵਾਲੀ ਪਹੁੰਚ ਅਪਣਾਈ ਹੋਵੇਗੀ। ਪਰ ਸਰੂਪਾਂ ਦੇ ਹਿਸਾਬ ਕਿਤਾਬ ਵਿਚ ਅਣਦੇਖੀ ਫਿਰ ਸਵਾਲ ਖੜ੍ਹੇ ਕਰ ਦਿੰਦੀ ਹੈ। ਉਸ ਮੌਕੇ ਦੀ ਕਮੇਟੀ ਨੂੰ ਚਾਹੀਦਾ ਸੀ ਕਿ ਪੰਥਕ ਧਿਰਾਂ ਨੂੰ ਸਫਾਂ’ਤੇ ਬੈਠਾਅ ਪਸ਼ਚਾਤਾਪ ਜ਼ਰੂਰ ਕਰਦੀ ਤੇ ਸਾਵਧਾਨ ਹੋ ਜਾਂਦੀ। ਹੋਇਆ ਉਲਟ ਕਿ ਐਨੀ ਦੇਰ ਬਾਅਦ ਮਾਮਲਾ ਉਛਲਣ’ ਤੇ ਵੀ ਸੰਜੀਦਗੀ ਨਹੀਂ ਦਿਖਾਈ। ਕੁਫਰ ਤੋਲਣ ਦੇ ਉਲਟੇ ਦੋਸ਼ ਲਾ ਦਿੱਤੇ।
ਇਸ ਮਾਮਲੇ ਵਿਚ ਵੱਖ ਵੱਖ ਸੰਘਰਸ਼ ਸਿੱਖ ਜਥੇਬੰਦੀਆਂ ਵਲੋਂ ਚੱਲ ਰਹੇ ਹਨ।
ਅੱਜ 21 ਅਕਤੂਬਰ ਅਜੀਤ ਅਖਬਾਰ ਵਿਚ ਪੜ੍ਹਨ ਨੂੰ ਮਿਲਿਆ ਕਿ ਦੋ ਧਿਰਾਂ ਅਕਾਲ ਤਖਤ ਸਾਹਿਬ ਵਿਖੇ ਪੁੱਜੀਆਂ ਹਨ। ਇਕ ਧਿਰ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤਖਤ ਨੂੰ ਕੀਤੀ ਅਪੀਲ ਅਯੋਗ ਹੈ। ਅਪੀਲ ਹੈ ਕਿ ਡਾ: ਈਸ਼ਰ ਸਿੰਘ ਜਾਂਚ ਕਮਿਸ਼ਨ ਵਲੋਂ ਗਰਦਾਨੇ ਦੋਸ਼ੀਆਂ ਵਿਰੱਧ ਅਕਾਲ ਤਖਤ ਕਾਰਵਾਈ ਕਰੇ।
ਦੂਜੀ ਧਿਰ ਕਮੇਟੀ ਵਲੋਂ ਪਾਈ ਅਪੀਲ ਦਾ ਸਮਰਥਨ ਕਰ ਰਹੀ ਹੈ ਤੇ ਪੰਥਕ ਕਾਰਵਾਈ ਕਰਨ ਲਈ ਕਹਿ ਰਹੀ ਹੈ।
ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਕੁਝ ਕੂਹਣੀ ਮੋੜ ਕੱਟੇ ਤੇ ਸਥਿਤੀ ਗੁੰਝਲਦਾਰ ਹੁੰਦੀ ਜਾ ਰਹੀ ਹੈ।

ਪਹਿਲੇ ਦਿਨ ਤੋਂ ਮਨ ਕਹਿ ਰਿਹਾ ਕਿ ਸ਼੍ਰੋਮਣੀ ਕਮੇਟੀ ਦਰਿਆਦਿਲੀ ਵਿਖਾਉੰਦੀ ਤੇ ਹੁਣ ਵੀ ਵਿਖਾਵੇ। ਪੰਥਕ ਧਿਰਾਂ ਜਾਂ ਸਿੱਖ ਜਥੇਬੰਦੀਆਂ ਵੀ ਦਰਿਆਦਿਲੀ ਵਿਖਾਉਣ।
ਅੰਦਰ ਬੜ ਜਾਉ। ਸ਼੍ਰੋਮਣੀ ਕਮੇਟੀ ਪੰਥ ਨੂੰ ਆਖੇ ਤੁਸੀਂ ਹੀ ਕਰ ਲਉ ਜਾਂਚ ਤੇ ਤੁਸੀਂ ਹੀ ਸਾਨੂੰ ਸਭ ਨੂੰ ਦੇ ਦੇਵੋ ਪੰਥਕ ਮਿਸਾਲੀ ਸਜ਼ਾਵਾਂ।
ਪਰ ਹੁਣ ਆਪਾਂ ਸੰਸਾਰ ਵਿਚ ਸਿੱਖ ਕੌਮ ਨੂੰ ਸ਼ਰਮਿੰਦਾ ਨਾ ਕਰੀਏ। ਗੈਰ-ਸਿੱਖ ਕੌਮਾਂ ਵਿਚ ਬੜੇ ਸ਼ਰਮਸ਼ਾਰ ਹੁੰਦੇ ਹਾਂ, ਜਦੋਂ ਇਹ ਮਾਮਲਾ ਛਿੜਦਾ ਹੈ।
ਪਿੰਡ ਵਾਲੇ ਬੜੀ ਸਿਆਣਪ ਵਰਤਦੇ ਹੁੰਦੇ ਸਨ। ਕਦੇ ਪਿੰਡ ਦੀ ਧੀ ਨਿੱਕਲ ਜਾਣੀ ਜਾਂ ਕਿਤੇ ਦੋਸ਼ੀ ਪਾਈ ਜਾਣੀ ਤਾਂ ਕਹਿਣਾ ਖਬਰ ਬਾਹਰ ਨਾ ਨਿੱਕਲੇ। ਪਿੰਡ ਦੀ ਇੱਜਤ ਦਾ ਮਾਮਲਾ ਹੈ।
ਸਿੱਖਾਂ ਦਾ ਗੁਰੂ ਗਿਆਨ ਹੈ। ਅਗਿਆਨ ਦਾ ਰਸਤਾ ਛੱਡ ਕੇ ਨਿੱਕਲੀਏ ਇਸ ਸੰਕਟ ਚੋਂ। ਸਾਰੇ ਤਨ ਮਨ ਕਰਕੇ ਪੰਥ ਦੀ ਆਨ ਸ਼ਾਨ ਬਦਲੇ ਵੱਡਾ ਯੋਗਦਾਨ ਪਾਈਏ।

ਧੰਨਵਾਦ ਸਹਿਤ,
ਰਸ਼ਪਾਲ ਸਿੰਘ ਹੁਸ਼ਿਆਰਪੁਰ
9855440151

By admin

Leave a Reply

Translate »