Spread the love


ਦੋਸਤੋ ਇਹ ਲੋਕ-ਰੁਚੀ ਕਥਾ ਮੈਂ ਬਜ਼ੁਰਗਾਂ ਮੂੰਹੋਂ ਉਨ੍ਹਾਂ ਦਿਨਾਂ ਦੀ ਸੁਣੀ ਹੋਈ ਹੈ ਜਦੋਂ ਜਾਤਾਂ-ਗੋਤਾਂ ਦੇ ਸਿੱਧੇ ਨਾਂ ਲੈ ਲਏ ਜਾਂਦੇ ਸਨ, ਪਰ ਹੁਣ ਮੈਂ ਇਸ਼ਾਰੇ ਮਾਤਰ ਜ਼ਿਕਰ ਕਰਾਂ ਗਾ, ਤੁਸੀਂ ਸਮਝ ਹੀ ਜਾਉ ਗੇ ! ਇਹ ਵੀ ਅਰਜ਼ ਹੈ ਕਿ ਇਸ ਕਥਾ ਵਿਚਲੇ ਕਿਸਾਨ ਨੂੰ ਅਜੋਕੇ ਹਾਕਮਾਂ ਦੀ ਜਮਾਤ ‘ਭਾਜਪਾ’ ਹੀ ਸਮਝਿਉ !
…ਕਮਾਦ ਵਿੱਚੋਂ ਚੌਂਹ ਜਣਿਆਂ ਨੇ ਗੰਨੇ ਭੰਨ ਲਏ।ਉੱਤੋਂ ਆ ਗਿਆ ਕਿਸਾਨ… ਉਸਨੇ ਦੇਖਿਆ ਕਿ ਗੰਨੇ ਭੰਨਣ ਵਾਲੇ ਚਾਰੇ ਜਣੇ ਸਿਹਤ ਪੱਖੋਂ ਹੱਟੇ-ਕੱਟੇ ਹਨ, ਜੇ ਮੈਂ ਇਨ੍ਹਾਂ ਨਾਲ ਹੂਰਾ-ਮੁੱਕੀ ਹੋਇਆ ਤਾਂ ਇਨ੍ਹਾਂ ਚੌਹਾਂ ਨੇ ‘ਕੱਠੇ ਹੋ ਕੇ ਮੈਨੂੰ ਢਾਹ ਲੈਣਾ !
ਉਹ ਚਾਰੇ ਜਣੇ ਵਿਚਾਰੇ ਉਦੋਂ ‘ਕੰਮੀ ਕਮੀਣ’ ਕਹੀਆਂ ਜਾਂਦੀਆਂ ਬ੍ਰਾਦਰੀਆਂ ਨਾਲ ਸਬੰਧਤ ਸਨ। ਸੋ ਕਿਸਾਨ ਨੇ ਜੁਗਤੀ ਵਰਤੀ ! ਕਹਿੰਦਾ ਬਈ ਸੱਜਣੋ ਗੰਨੇ ਚੂਪਣ ਨੂੰ ਜੀਅ ਕੀਤਾ ਹੋਣਾ ਤੁਹਾਡਾ… ਚਲੋ ਕੋਈ ਨਾ,ਤੁਸੀਂ ਸਾਡੇ ਆਪਣੇ ਹੀ ਹੋ… ਤੁਹਾਡੇ ਬਿਨਾਂ ਸਾਡਾ ਕਿੱਥੇ ਸਰਦਾ ਐ ਭਰਾਵੋ…!
ਫਿਰ ਉਹ ਚੌਹਾਂ ਨਾਲ ਗੱਲਾਂ ਕਰਦਿਆਂ ‘ਕੱਲੇ ‘ਕੱਲੇ ਬਾਰੇ ਕਹਿਣ ਲੱਗਾ-
ਓ ਬਈ ਫਲਾਣਿਆਂ ਤੂੰ ਤਾਂ ਸਾਡੇ ਲਈ ਜੁੱਤੀਆਂ ਬਣਾਉਂਦਾ ਐਂ, ਤੂੰ ਬਈ ਸਾਡੇ ਕੱਪੜੇ ਵਗੈਰਾ ਬੁਣਦਾ ਐਂ.. ਤੇਰਾ ਕੰਮ ਸਾਡੇ ਘਰੇ ਪਾਣੀ ਭਰਨ ਦਾ ਐ…. ਪਰ ਆਹ ਜਿਹੜਾ ਚੌਥਾ ਸਾਡੇ ਵਿਆਹ-ਸ਼ਾਦੀਆਂ ਵੇਲੇ ਕੰਮ ਕਰਦਾ ਹੁੰਦਾ ਸੀ, ਨਵੇਂ ਰਿਵਾਜ ਮੁਤਾਬਕ ਵਿਆਹ ਤਾਂ ਹੁਣ ਸਿੱਧੇ ਈ ਹੋਣ ਲੱਗ ਪਏ… ਇਹਦੀ ਤਾਂ ਹੁਣ ਲੋੜ ਈ ਹੈ ਨਹੀਂ ? ਇਹ ਸਾਡੇ ਖੇਤੋਂ ਗੰਨੇ ਕਾਹਤੋਂ ਭੰਨੇ ? ਤੁਸੀਂ ਤਿੰਨੋਂ ਤਾਂ ਭਾਵੇਂ ਦੋ ਦੋ ਗੰਨੇ ਘਰਾਂ ਨੂੰ ਲੈ ਜਾਇਉ, ਪਰ ਪਹਿਲਾਂ ਮੇਰਾ ਸਾਥ ਦਿਉ ਇਹਦਾ ਕੁਟਾਪਾ ਕਰੀਏ ! ਤਿੰਨੇ ਫੂਕ ‘ਚ ਆਏ ਕਿਸਾਨ ਨਾਲ ਰਲ਼ ਕੇ ‘ਰਾਜੇ’ ਨੂੰ ਕੁੱਟਣ ਲੱਗ ਪਏ !
ਉਹਨੂੰ ਹਾਲੇ ਨਿੱਸਲ਼ ਕੀਤਾ ਹੀ ਸੀ ਕਿ ਕਿਸਾਨ ਤਿੰਨਾਂ ਜਣਿਆਂ ‘ਚੋਂ ਦੋਂਹ ਨੂੰ ਕਹਿੰਦਾ- ਉਹ ਬਈ ਗੱਲ ਸੁਣੋ… ਕੱਪੜੇ ਤਾਂ ਹੁਣ ਬਜਾਰੂ ਚੱਲ ਪਏ… ਇਹਦੇ ਬੁਣੇ ਹੋਏ ਕੱਪੜਿਆਂ ਨੂੰ ਕੌਣ ਪੁੱਛਦਾ ਹੁਣ ? ਇਹ ਵੀ ਸਾਡਾ ਨੁਕਸਾਨ ਕਿਉਂ ਕਰੇ ? ਬਾਕੀ ਦੋਂਹ ਨੂੰ ਨਾਲ ਰਲ਼ਾ ਕੇ ਕੱਪੜਾ ਬੁਣਨ ਵਾਲ਼ਾ ਵੀ ਭੰਨ ਸੁੱਟਿਆ !
ਗੱਲ ਕਾਹਦੀ ਜਦ ਕਿਸਾਨ ਨੇ ਉਸੇ ਫਾਰਮੂਲੇ ਨਾਲ ਬਾਕੀ ਬਚੇ ਦੋਂਹ ਜਣਿਆਂ ‘ਚੋਂ ਇੱਕ ਨੂੰ ਵਡਿਆ ਕੇ ਦੂਜੇ ਦਾ ਬਜੰਤਰ ਕਰ ਦਿੱਤਾ ਤਾਂ ਅਖੀਰ ‘ਚ ਪੱਟ ‘ਤੇ ਥਾਪੀ ਮਾਰ ਕੇ ਚੌਥੇ ਦੇ ਗਲ਼ ਪੈ ਗਿਆ !
ਕਿਸਾਨ ਭਰਾਵੋ ਰਹਿਉ ਸਾਵਧਾਨ ! ਭਾਜਪਾ ਕਿਤੇ ਕਿਰਤੀ-ਮਜ਼ਦੂਰਾਂ ਨੂੰ ਤੁਹਾਡੇ ਨਾਲੋਂ ਅੱਡ ਨਾ ਕਰ ਦੇਵੇ !
-ਦੁਪਾਲ ਪੁਰ

By admin

Leave a Reply

Translate »