Spread the love

ਨਸਲਕੁਸ਼ੀ ਦੀ ਰਾਜਨੀਤੀ ਦੇ ਸ਼ਿਕਾਰ ਨਿਰਦੋਸ਼ ਸਿੱਖਾਂ ਦੀ ਯਾਦ ਵਿੱਚ ਕੱਢਿਆ ਮਸ਼ਾਲ ਮਾਰਚ

ਦਲ ਖ਼ਾਲਸਾ ਵਲੋਂ ਪੰਜਾਬ ਦਿਵਸ ਮੌਕੇ ਦਿੱਲੀ ਦਰਬਾਰ ਵਲੋਂ ਸਟੇਟ-ਨੀਤੀ ਤਹਿਤ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ, ਦਰਕਿਨਾਰ ਕੀਤੀ ਬੋਲੀ, ਨਸਲਕੁਸ਼ੀ ਦੀ ਸ਼ਿਕਾਰ ਨੌਜਵਾਨੀ ਅਤੇ ਉਜਾੜੀ ਜਾ ਰਹੀ ਕਿਸਾਨੀ ਵਿਰੁੱਧ ਅੰਮ੍ਰਿਤਸਰ ਵਿਖੇ ਰੈਲ਼ੀ ਕੀਤੀ ਗਈ।

ਰੈਲੀ ਉਪਰੰਤ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਨੇ ਹੱਥਾਂ ਵਿੱਚ ਮਸ਼ਾਲਾਂ ਫੜਕੇ ਨਵੰਬਰ ੧੯੮੪ ਦਿੱਲੀ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ ਭੰਡਾਰੀ ਪੁੱਲ ਤੋਂ ਅਕਾਲ ਤਖਤ ਸਾਹਿਬ ਤੱਕ ਮਾਰਚ ਕੱਢਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਸਟੇਟ ਦੀ ਪੁਸ਼ਤਪਨਾਹੀ ਹੇਠ ਵਿਉਂਤੇ ਗਏੇ ਕਤਲੇਆਮ ਵਿੱਚ ਇਨਸਾਫ ਦੇਣ ਵਿੱਚ ਜੁਡੀਸ਼ਰੀ ਫੇਲ ਰਹੀ ਹੈ। ਉਹਨਾਂ ਸਖਤ ਟਿੱਪਣੀ ਕਰਦਿਆ ਕਿਹਾ ਕਿ ਯੂ.ਐਨ.ਓ ਦੀ ਚੁੱਪ ਨੇ ਸਿੱਖ ਕੌਮ ਅਤੇ ਪੀੜਤਾਂ ਨੂੰ ਡਾਢਾ ਮਾਯੂਸ ਕੀਤਾ ਹੈ।

ਹੱਥਾਂ ਵਿੱਚ ਕਿਸਾਨੀ ਸੰਕਟ ਨਾਲ ਸਬੰਧਤਿ ਤਖਤੀਆਂ ਫੜੀਂ ਨੌਜਵਾਨਾਂ ਨੇ ‘ਸਾਡਾ ਕਿਸਾਨ ਸਾਡਾ ਮਾਣ’ ਅਤੇ ਪੰਜਾਬ ਦੀ ਆਜਾਦੀ ਦੇ ਹੱਕ ਵਿੱਚ ਨਾਅਰੇ ਲਾਏ। ਸ ਚੀਮਾ ਨੇ ਬੋਲਦਿਆ ਕਿਹਾ ਕਿ ਪੰਜਾਬ ਦੇ ਵਸਨੀਕ ਆਪਣੀ ਹੋਂਦ ਅਤੇ ਹੱਕਾਂ ਲਈ ਲੜ ਰਹੇ ਹਨ। ਉਹਨਾਂ ਯੂ.ਐਨ.ਉ., ਅੰਤਰਰਾਸ਼ਟਰੀਂ ਭਾਈਚਾਰੇ ਸਮੇਤ ਦੁਨੀਆ ਭਰ ਵਿੱਚ ਕੰਮ ਕਰ ਰਹੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੁਮਾਇੰਦੇ ਪੰਜਾਬ ਵਿੱਚ ਭੇਜਣ ਤਾਂ ਜੋ ਆਪਣੀਆਂ ਅੱਖਾਂ ਨਾਲ ਵੇਖ ਸਕਣ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਅਤੇ ਮਾਰੂ ਹਮਲਿਆਂ ਕਾਰਨ ਪੰਜਾਬ ਨੂੰ ਬਰਬਾਦ ਅਤੇ ਉਜਾੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅੰਤਰਰਾਸ਼ਟਰੀ ਭਾਈਚਾਰਾ ਅਤੇ ਤਾਕਤਵਾਰ ਮੁਲਕਾਂ ਤੋਂ ਆਸ ਕਰਦੇ ਹਨ ਕਿ ਉਹ ਸਾਡੇ ਵਾਜਿਬ ਅਤੇ ਹੱਕੀ ਸੰਘਰਸ਼ ਨੂੰ ਮਾਨਤਾ ਦੇਣਗੇ।

ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਭਾਰਤ-ਨੇਪਾਲ (ਵੀਜ਼ਾ ਫ੍ਰੀ) ਦੀ ਤਰਜ਼ ਉਤੇ ਪੰਜਾਬ ਨਾਲ ਲੱਗਦੇ ਅੰਤਰਰਾਸ਼ਟਰੀ ਸਰਹੱਦ ਨੂੰ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਖੋਲਿਆ ਜਾਵੇ।

ਇਸ ਮੌਕੇ ਦਲ ਖਾਲਸਾ ਨੇ ਆਪਣਾ ਨੀਤੀ-ਬਿਆਨ ਜਾਰੀ ਕੀਤਾ, ਜਿਸ ਵਿੱਚ ਉਹਨਾਂ ਇਲਜਾਮ ਲਾਇਆ ਕਿ ਪਿਛਲ਼ੇ ੫੪ ਵਰ੍ਹੇ ਤੋਂ ਦਿੱਲੀ ਦਰਬਾਰ ਪੰਜਾਬ ਨਾਲ ਇੱਕ ਕਲੋਨੀ (ਬਸਤੀ) ਵਾਂਗ ਵਿਉਹਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਆਪਣੀ ਹਿੱਕ ਉੱਤੇ ਅਨੇਕਾਂ ਵਾਰ ਝੱਲੇ ਹਨ। ਚਾਹੇ ਉਹ ਪਾਣੀਆਂ ਦੀ ਲੁੱਟ ਹੋਵੇ ਜਾਂ ਜਵਾਨੀ ‘ਤੇ ਹਮਲੇ ਹੋਣ ਜਾਂ ਆਰਥਿਕ ਢਾਂਚੇ ਨੂੰ ਤਬਾਹ ਕਰਨ ਵਾਲੀਆਂ ਕੇਂਦਰੀ ਨੀਤੀਆਂ ਹੋਣ, ਹਰ ਵਾਰ ਕੇਂਦਰ ਦੀ ਪੰਜਾਬ ਪ੍ਰਤੀ ਨੀਅਤ ਖਰਾਬ ਤੇ ਮੈਲੀ ਹੀ ਰਹੀ ਹੈ।

ਆਗੂਆਂ ਨੇ ਬੋਲਦਿਆ ਦਸਿਆ ਕਿ ਪੰਜਾਬ ਪੁਨਰਗਠਨ ਐਕਟ ਤਹਿਤ ਪੰਜਾਬ ਦੇ ਡੈਮਾਂ ਦਾ ਹੱਕ ਕੇਂਦਰ ਨੇ ਖੋਹ ਲਿਆ, ਪੰਜਾਬੀ ਬੋਲਦੇ ਇਲਾਕੇ ਖੋਹ ਲਏ ਗਏ, ਪਾਣੀਆਂ ਦਾ ਮਾਲਕੀ ਹੱਕ ਜਬਰੀ ਖੋਹ ਲਿਆ ਗਿਆ। ਪੰਜਾਬ ਦੀ ਜੁਆਨੀ ਨੂੰ ਬਰਬਾਦ ਕਰਨ ਲਈ ਅਤੇ ਸਿੱਖਾਂ ਦੇ ਬੱਚਿਆ ਦਾ ਸ਼ਿਕਾਰ ਕਰਨ ਲਈ ਪਹਿਲਾਂ ਟਾਡਾ, ਪੋਟਾ ਤੇ ਹੁਣ ਯੂ.ਏ.ਪੀ.ਏ ਕਾਲੇ ਕਾਨੂੰਨ ਘੜੇ ਗਏ । ਕਾਲੇ ਤੇ ਕਠੌਰ ਕਾਨੂੰਨਾਂ ਰਾਹੀ ੧੯੮੦ ਵੇ ਦਹਾਕਿਆਂ ਤੋ ਹੀ ਪੰਜਾਬ ਨੂੰ ਪੁਲਿਸ ਸਟੇਟ ਵਿਚ ਤਬਦੀਲ ਕਰ ਦਿਤਾ ਗਿਆ ਜੋ ਅੱਜ ਵੀ ਜਾਰੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਵਾਰਿਸਾਂ ਦਾ ਇਹ ਮੰਨਣਾ ਹੈ ਕਿ ਜੂਨ ੧੯੮੪ ਵਰਗਾ ਘੱਲੂਘਾਰੇ ਅਤੇ ਨਵੰਬਰ ਕਤਲੇਆਮ ਦੇ ਦੁਹਰਾਅ ਨੂੰ ਰੋਕਣ ਲਈ ਪੰਜਾਬ ਦੀ ਆਜਾਦੀ ਹੀ ਇਕੋ ਇਕ ਹੱਲ ਹੈ।

ਦਲ ਖਾਲਸਾ ਦੇ ਪ੍ਰਧਾਨ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਹਾਲ ਹੀ ਵਿੱਚ ਅੜੀਅਲ ਰਵੱਈਆ ਅਪਣਾਉਂਦੇ ਹੋਏ ਦੇਸ਼ ਦੇ ਕਿਸਾਨਾਂ ਨੂੰ ਬਿਨਾਂ ਭਰੋਸੇ ਵਿੱਚ ਲਏ ਤਿੰਨ ਖੇਤੀ ਕਾਨੂੰਨ ਬਣਾਏ ਹਨ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਕੁਚਾਲਾਂ ਚਲੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਬਲ਼ੈਕਮੇਲ ਕਰਨ ਲਈ ਹੱਥਕੱੰਡੇ ਵਰਤੇ ਜਾ ਰਹੇ ਹਨ।

ਹਰਚਰਨਜੀਤ ਸਿੰਘ ਧਾਮੀ ਨੇ ਦਸਿਆ ਕਿ ਪੰਜਾਬ ਦਾ ਕਿਸਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਉਸ ਵੱਲੋਂ ਪੈਦਾ ਕੀਤੀਆਂ ਜਾਣ ਵਾਲੀਆਂ ਜਿਣਸਾਂ ਦੀਆਂ ਕੀਮਤਾਂ ਮਿੱਥਣ ਸਮੇਂ ੳੁਸ ਦੀਆਂ ਸ਼ਰਤਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ । ਉਹਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੀਆਂ ਮੰਡੀਆਂ ਵੱਲ ਆਪਣੀ ਝਾਤ ਖ਼ਤਮ ਕਰਕੇ ਦੁਨੀਆਂ ਦੀ ਕਿਸੇ ਹੋਰ ਮੰਡੀ ਦੀ ਤਲਾਸ਼ ਕਰਨ ਜਿੱਥੇ ਉਹ ਆਪਣੀਆਂ ਜਿਣਸਾਂ ਦੇ ਲਾਹੇਵੰਦ ਭਾਅ ਹਾਸਲ ਕਰ ਸਕੇ। ਉਹਨਾਂ ਅੱਗੇ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਕਿਸਾਨ ਵਾਹਗਾ ਬਾਰਡਰ ਰਾਂਹੀ ਖੂੱਲ੍ਹਾ ਅੰਤਰਰਾਸ਼ਟਰੀ ਵਪਾਰ ਕਰਨ ਦੀ ਆਪਣੀ ਲੋੜ ਨੂੰ ਪੂਰਿਆਂ ਕਰਨ ਲਈ ਭਾਰਤ ਸਰਕਾਰ ਉਤੇ ਆਪਣਾ ਦਬਾਅ ਬਣਾਵੇ।

ਇਸ ਮੌਕੇ ਬਹੁਜਨ ਮੁਕਤੀ ਪਾਰਟੀ ਦੇ ਆਗੂ ਰਜਿੰਦਰ ਰਾਣਾ, ਅਕਾਲੀ ਦਲ ਡੈਮੋਕਰੇਟਿਕ ਦੇ ਬੁਲਾਰੇ ਜਸਵੀਰ ਸਿੰਘ ਘੁਮਾਣ, ਦਲ ਖਾਲਸਾ ਦੇ ਜਸਵੀਰ ਸਿੰਘ ਖੰਡੂਰ, ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ, ਰਣਬੀਰ ਸਿੰਘ, ਮਾਸਟਰ ਕੁਲਵੰਤ ਸਿੰਘ ਫੈਰੂਮਾਨ, ਆਦਿ ਹਾਜਿਰ ਸਨ।

By admin

Leave a Reply

Translate »